ਦੁੱਬਈ : ਮੋਢੇ ਦੀ ਸੱਟ ਦੇ ਬਾਵਜੂਦ ਵੀ ਗੁੱਜਰ ਸਿੰਘ ਨੇ ਇੱਥੇ ਜਾਰੀ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ ਐੱਫ਼ 46 ਜੈਵਲਿਨ ਥਰੋ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਭਾਰਤ ਦਾ ਤੀਸਰਾ ਟੋਕਿਓ ਪੈਰਾ-ਓਲੰਪਿਕ ਕੋਟਾ ਹਾਸਲ ਕੀਤਾ। ਗੁੱਜਰ ਨੇ 61.22 ਮੀਟਰ ਜੈਨਲਿਨ ਸੁੱਟ ਕੇ ਚੋਟੀ ਦਾ ਸਥਾਨ ਹਾਸਲ ਕੀਤਾ।
ਗੁੱਜਰ ਨੇ ਆਪਣੇ 2017 ਵਿੱਚ ਹੋਏ ਲੰਡਨ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਦੇ ਖ਼ਿਤਾਬ ਦਾ ਸਫ਼ਲਤਾਪੂਰਵਕ ਬਚਾਅ ਕਰਨ ਦੇ ਨਾਲ ਤਾਂਬੇ ਦਾ ਤਮਗ਼ਾ ਜੇਤੂ ਅਜੀਤ ਸਿੰਘ ਅਤੇ ਰਿੰਕੂ ਦੇ ਨਾਲ ਭਾਰਤ ਨੂੰ ਤੀਸਰੇ ਪੈਰਾ-ਓਲੰਪਿਕ ਕੋਟੇ ਦੀ ਪ੍ਰਾਪਤੀ ਕਰਵਾਈ। ਅਜੀਤ ਸਿੰਘ ਨੇ 59.46 ਮੀਟਰ ਜੈਵਲਿਨ ਸੁੱਟਿਆ ਅਤੇ ਤੀਸਰਾ ਸਥਾਨ ਹਾਸਲ ਕੀਤਾ। ਰਿੰਕੂ ਚੌਥੇ ਸਥਾਨ ਉੱਤੇ ਰਹੇ।
ਤੁਹਾਨੂੰ ਦੱਸ ਦਈਏ ਕਿ ਕੌਮਾਂਤਰੀ ਪੈਰਾ-ਓਲੰਪਿਕ ਕਮੇਟੀ ਦੇ ਨਿਯਮਾਂ ਤਹਿਤ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ 2019 ਦੇ ਹਰ ਮੁਕਾਬਲੇ ਵਿੱਚ ਚੋਟੀ ਦੇ 4 ਵਿੱਚ ਰਹਿਣ ਵਾਲੇ ਅਥਲੀਟਾਂ ਨੂੰ ਟੋਕਿਓ 2020 ਪੈਰਾ-ਓਲੰਪਿਕ ਖੇਡਾਂ ਲਈ ਕੋਟਾ ਸਥਾਨ ਵੀ ਮਿਲੇਗਾ।
ਗੁੱਜਰ ਦਵਿੰਦਰ ਝਾਝਰਿਆ ਤੋਂ ਬਾਅਦ ਇਕਲੌਤੇ ਭਾਰਤੀ ਖਿਡਾਰੀ ਬਣ ਗਏ ਹਨ, ਜਿੰਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ 2 ਤਮਗ਼ੇ ਜਿੱਤੇ ਹਨ। ਦਵਿੰਦਰ ਨੇ 2013 ਵਿੱਚ ਲਿਓਨ ਅਤੇ 2015 ਵਿੱਚ ਦੋਹਾ ਵਿਖੇ ਹੋਈਆਂ ਚੈਂਪੀਅਨਸ਼ਿਪਾਂ ਵਿੱਚ ਲੜੀਵਾਰ ਸੋਨੇ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ।
ਪਹਿਲੀਆਂ ਪੰਜ ਕੋਸ਼ਿਸ਼ਾਂ ਤੋਂ ਬਾਅਦ ਦੂਸਰੇ ਸਥਾਨ ਉੱਤੇ ਰਹਿਣ ਵਾਲੇ ਸੁੰਦਰ ਨੇ 6ਵੀਂ ਕੋਸ਼ਿਸ਼ ਵਿੱਚ 61.22 ਮੀਟਰ ਦੀ ਦੂਰੀ ਤੈਅ ਕੀਤੀ ਅਤੇ ਸ਼੍ਰੀਲੰਕਾ ਦੇ ਦਿਨੇਸ਼ ਪੀ ਹੇਰਾਥ ਮੁਡਿਆਂਸੇਲਗੇ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਨੇ ਹੁਣ ਤੱਕ ਇਸ ਚੈਂਪੀਅਨਸ਼ਿਪ ਵਿੱਚ 2 ਸੋਨ ਤਮਗ਼ੇ, ਇੱਕ ਚਾਂਦੀ ਅਤੇ ਇੱਕ ਤਾਂਬੇ ਦਾ ਤਮਗ਼ਾ ਜਿੱਤਿਆ ਹੈ।