ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਅਤੇ ਅਰਜੁਨ ਐਵਾਰਡ 2020 ਸਮੇਤ ਵੱਖ-ਵੱਖ ਖੇਡ ਪੁਰਸਕਾਰਾਂ ਦੇ ਲਈ ਖਿਡਾਰੀਆਂ ਤੋਂ ਅਰਜ਼ੀਆਂ ਮੰਗੀਆਂ ਹਨ।
ਖਿਡਾਰੀਆਂ ਨੂੰ ਇਸ ਵਾਰ ਆਪਣੀਆਂ ਅਰਜ਼ੀਆਂ ਕੇਵਲ ਈਮੇਲ ਦੇ ਰਾਹੀਂ ਭੇਜਣੀਆਂ ਹੋਣਗੀਆਂ। ਅਰਜ਼ੀ ਭੇਜਣ ਦੀ ਆਖ਼ਰੀ ਤਾਰੀਖ਼ 3 ਜੂਨ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਜਾਰੀ ਲੌਕਡਾਊਨ ਦੇ ਚੱਲਦਿਆਂ ਇਸ ਸਾਲ ਅਰਜ਼ੀ ਪ੍ਰਕਿਰਿਆ ਵਿੱਚ ਦੇਰੀ ਹੋਈ ਹੈ ਅਤੇ ਮੰਤਰਾਲੇ ਨੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਖਿਡਾਰੀਆਂ ਤੋਂ ਇਸ ਵਾਰ ਕੇਵਲ ਈਮੇਲ ਦੇ ਮਾਧਿਅਮ ਰਾਹੀਂ ਹੀ ਅਰਜ਼ੀ ਭੇਜਣ ਨੂੰ ਕਿਹਾ ਹੈ।
ਖੇਡ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੋਗ ਖਿਡਾਰੀਆਂ ਨੂੰ ਪੁਰਸਕਾਰ ਦੇ ਲਈ ਆਪਣੀ ਅਰਜ਼ੀ ਕੇਵਲ ਈਮੇਲ ਤੋਂ ਹੀ ਭੇਜਣੀ ਹੋਵੇਗੀ। ਅਰਜ਼ੀ ਪ੍ਰਾਪਤ ਕਰਨ ਦੀ ਅੰਤਿਮ ਮਿਤੀ 3 ਜੂਨ ਹੈ। ਇਸ ਤੋਂ ਬਾਅਦ ਅਰਜ਼ੀਆਂ ਉੱਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਇਸ ਦੇ ਲਈ ਖੇਡ ਮੰਤਰਾਲਾ ਜ਼ਿੰਮੇਵਾਰ ਨਹੀਂ ਹੋਵੇਗਾ।
ਮੰਤਰਾਲੇ ਨੇ ਕਿਹਾ ਕਿ ਲੌਕਡਾਊਨ ਕਾਰਨ ਅਰਜ਼ੀ ਦੀ ਹਾਰਡ ਕਾਪੀ ਭੇਜਣ ਦੀ ਲੋੜ ਨਹੀਂ ਹੈ। ਅਰਜ਼ੀ ਦੀ ਆਖ਼ਰੀ ਮਿਤੀ ਤੋਂ ਪਹਿਲਾਂ ਬਿਨੇਕਾਰ ਅਤੇ ਅਥਾਰਟੀ ਵੱਲੋਂ ਹਸਤਾਖ਼ਰ ਕੀਤੀ ਸਕੈਨ ਦੀ ਕਾਪੀ ਭੇਜੀ ਜਾ ਸਕਦੀ ਹੈ। ਅਰਜ਼ੀ ਫ਼ਾਰਮ ਦੇ ਨਾਲ ਅਖ਼ਬਾਰ ਦੀ ਕਟਿੰਗ ਆਦਿ ਭੇਜਣ ਦੀ ਲੋੜ ਨਹੀਂ ਹੈ।
ਇਨ੍ਹਾਂ ਪੁਰਸਕਾਰਾਂ ਦੇ ਲਈ ਖਿਡਾਰੀਆਂ ਦੇ ਪਿਛਲੇ 4 ਸਾਲਾਂ ਦੇ ਪ੍ਰਦਰਸ਼ਨ ਨੂੰ ਆਧਾਰ ਬਣਾਇਆ ਗਿਆ ਹੈ। ਨਾਲ ਹੀ ਖਿਡਾਰੀਆਂ ਵੱਲੋਂ ਜਨਵਰੀ 2016 ਤੋਂ ਲੈ ਕੇ ਦਸੰਬਰ 2019 ਤੱਕ ਉਨ੍ਹਾਂ ਦੀਆਂ ਉਪਲੱਬਧੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।