ਸਿੰਗਾਪੁਰ: ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਅਤੇ ਫਾਰਮ ਵਿੱਚ ਚੱਲ ਰਹੇ ਐਚਐਸ ਪ੍ਰਣਯ ਨੇ ਸਿੰਗਾਪੁਰ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਤੀਜਾ ਦਰਜਾ ਪ੍ਰਾਪਤ ਸਿੰਧੂ ਨੇ ਵੀਰਵਾਰ ਨੂੰ ਵਿਸ਼ਵ ਦੀ 59ਵੇਂ ਨੰਬਰ ਦੀ ਖਿਡਾਰਨ ਵੀਅਤਨਾਮ ਦੀ ਹੁਈ ਲਿਨ ਐਂਗੁਏਨ ਨੂੰ 19-21, 21-19, 21-18 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਚੀਨ ਦੇ ਹਾਨ ਯੀ ਨਾਲ ਹੋਵੇਗਾ।
ਵਿਸ਼ਵ ਦੇ 19ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਚੀਨੀ ਤਾਈਪੇ ਦੇ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਚੋਊ ਤਿਏਨ ਚੇਨ ਖ਼ਿਲਾਫ਼ ਤਿੰਨ ਹਫ਼ਤਿਆਂ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ। ਉਸ ਨੇ ਇੱਕ ਘੰਟਾ ਨੌਂ ਮਿੰਟ ਤੱਕ ਚੱਲੇ ਮੈਚ ਨੂੰ 14-21, 22-20, 21-18 ਨਾਲ ਜਿੱਤ ਲਿਆ।
ਹੁਣ ਉਸ ਦਾ ਸਾਹਮਣਾ ਜਾਪਾਨ ਦੇ ਕੋਡਾਈ ਨਾਰੋਕਾ ਨਾਲ ਹੋਵੇਗਾ। ਕਿਦਾਂਬੀ ਸ਼੍ਰੀਕਾਂਤ ਨੂੰ ਹਰਾਉਣ ਵਾਲੇ ਮਿਥੁਨ ਮੰਜੂਨਾਥ ਆਇਰਲੈਂਡ ਦੇ ਐਨ ਐਂਗੁਏਨ ਤੋਂ 10-21, 21-18, 16-21 ਨਾਲ ਹਾਰ ਕੇ ਬਾਹਰ ਹੋ ਗਏ। ਦੂਜੇ ਪਾਸੇ ਥਾਈਲੈਂਡ ਦੀ ਬੁਸਾਨਨ ਓਂਗਬਨਰੁੰਗਫਾਨ ਨੂੰ ਹਰਾਉਣ ਵਾਲੀ ਅਸ਼ਮਿਤਾ ਚਲੀਹਾ ਨੂੰ ਚੀਨ ਦੀ ਹਾਨ ਯੀ ਨੇ 21-9, 21-13 ਨਾਲ ਹਰਾਇਆ।
ਦੂਜੇ ਪਾਸੇ ਭਾਰਤ ਦੀ ਦਿੱਗਜ ਸ਼ਟਲਰ ਸਾਇਨਾ ਨੇਹਵਾਲ ਨੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸ਼ੁਰੂਆਤੀ ਦੌਰ ਵਿੱਚ ਉਸ ਨੇ ਨੌਜਵਾਨ ਮਾਲਵਿਕਾ ਬੰਸੋਦ ਨੂੰ 34 ਮਿੰਟ ਤੱਕ ਚੱਲੇ ਮੈਚ ਵਿੱਚ 21-18, 21-14 ਨਾਲ ਹਰਾਇਆ। ਇਸ ਜਿੱਤ ਨਾਲ ਸਾਬਕਾ ਨੰਬਰ ਇੱਕ ਬੈਡਮਿੰਟਨ ਖਿਡਾਰੀ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਦਾ ਸਿਲਸਿਲਾ ਤੋੜ ਦਿੱਤਾ।
ਇਹ ਵੀ ਪੜ੍ਹੋ: IND vs ENG: ਲਾਰਡਸ 'ਚ ਅੱਜ ਖੇਡਿਆ ਜਾਵੇਗਾ ਦੂਜਾ ਵਨਡੇ, ਕੋਹਲੀ ਦੇ ਖੇਡਣ 'ਤੇ ਸਸਪੈਂਸ ਬਰਕਰਾਰ