ਨਵੀਂ ਦਿੱਲੀ: ਭਾਰਤੀ ਟੀਮ ਦੀ ਦਿੱਗਜ ਮਹਿਲਾ ਵੇਟਲਿਫਟਿੰਗ ਖਿਡਾਰਣ ਮੀਰਾਬਾਈ ਚਾਨੂ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਟੋਕਿਓ ਓਲੰਪਿਕ 2020 ਵਿੱਚ ਆਪਣੇ ਸਰਵਸ਼੍ਰੇਠ ਦੇਣ ਦੀ ਤਿਆਰੀ ਦੇ ਲਈ ਟ੍ਰੇਨਿੰਗ ਸ਼ੁਰੂ ਕਰਨ ਨੂੰ ਲੈ ਕੇ ਬੇਸਬਰ ਹੈ।
ਟੋਕਿਓ ਓਲੰਪਿਕ ਇਸ ਸਾਲ ਹੋਣ ਵਾਲੀਆਂ ਸਨ, ਪਰ ਕੋਵਿਡ-19 ਦੇ ਕਾਰਨ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਦੇ ਲਈ ਟਾਲ ਦਿੱਤਾ ਗਿਆ ਹੈ। ਮੀਰਾਬਾਈ ਚਾਨੂ ਇਸ ਸਮੇਂ ਭਾਰਤ ਖੇਡ ਅਥਾਰਿਟੀ (ਸਾਈ) ਦੇ ਪਟਿਆਲਾ ਸਥਿਤ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਖੇ ਹੈ। 25 ਮਾਰਚ ਤੋਂ ਸਾਰੇ ਖਿਡਾਰੀਆਂ ਦੀ ਟ੍ਰੇਨਿੰਗ ਰੁੱਕੀ ਹੋਈ ਹੈ।
ਚਾਨੂ ਨੇ ਖੇਡ ਮੰਤਰੀ ਕਿਰਨ ਰਿਜਿਜੂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਇੱਥੇ ਸਾਈ ਟ੍ਰੇਨਿੰਗ ਸੈਂਟਰ ਵਿੱਚ ਸੁਰੱਖਿਅਤ ਮਾਹੌਲ ਵਿੱਚ ਹਾਂ। ਅਸੀਂ ਬੇਸਿਕ ਫ਼ਿੱਟਨੈਸ ਉੱਤੇ ਕੰਮ ਕਰ ਰਹੇ ਹਾਂ, ਪਰ ਮੈਂ ਟ੍ਰੇਨਿੰਗ ਦੁਬਾਰਾ ਸ਼ੁਰੂ ਕਰਨ ਦੇ ਲਈ ਬੇਸਬਰ ਹਾਂ ਤਾਂਕਿ ਮੈਂ ਟੋਕਿਓ ਓਲੰਪਿਕ ਵਿੱਚ ਆਪਣਾ ਸਰਵਸ਼੍ਰੇਠ ਪ੍ਰਦਰਸ਼ਨ ਕਰ ਸਕਾਂ।
ਰਿਜਿਜੂ ਨੇ ਸੋਮਵਾਰ ਨੂੰ ਦੇਸ਼ ਦੇ 9 ਵੇਟਲਿਫਟਿੰਗ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ। ਚਾਨੂ ਤੋਂ ਇਲਾਵਾ ਮੁੱਖ ਕੋਚ ਵਿਜੇ ਸ਼ਰਮਾ ਨੇ ਇਸ ਵਿੱਚ ਹਿੱਸਾ ਲਿਆ। ਰਿਜਿਜੂ ਨੇ ਇੰਨ੍ਹਾਂ ਸਾਰਿਆਂ ਤੋਂ ਟ੍ਰੇਨਿੰਗ ਸ਼ੁਰੂ ਕਰਨ ਉੱਤੇ ਉਨ੍ਹਾਂ ਦਾ ਫ਼ੀਡਬੈਕ ਜਾਣਿਆ।