ਗੁਵਾਹਾਟੀ: 6 ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ.ਮੈਰੀਕਾਮ ਇੰਡੀਆ ਓਪਨ ਕੌਮਾਂਤਰੀ ਮੁੱਕੇਬਾਜ਼ੀ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਆਪਣੀ ਹਮਵਤਨ ਨਿਖਿਤ ਜਰੀਨ ਨਾਲ 51 ਕਿਲੋ ਗ੍ਰਾਮ ਸ਼੍ਰੇਣੀ ਵਿੱਚ ਮੁਕਾਬਲਾ ਕਰੇਗੀ।
ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ਮੁਕਾਬਲੇ ਵਿੱਚ ਮੈਰੀਕਾਮ ਨੇ ਸਮਾਂ ਨਾ ਗਵਾਉਂਦਿਆਂ ਹੋਇਆਂ ਨੇਪਾਲ ਦੀ ਮਾਲਾ ਰਾਏ ਨੂੰ 5-0 ਨਾਲ ਹਰਾ ਕੇ ਆਖ਼ਰੀ 4 ਵਿੱਚ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਨਿਖਿਤ ਜਰੀਨ ਨੇ ਵੀ ਆਪਣੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਖੇਡਦਿਆਂ ਹੋਇਆਂ ਅਨਾਮਿਕ ਨੂੰ ਆਸਾਨੀ ਨਾਲ ਹਰਾ ਕੇ ਸੈਮੀਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ।
ਭਾਰਤ ਵੱਲੋਂ ਇਸ 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਤੋਂ ਇਲਾਵਾ ਮੰਜੂ ਰਾਨੀ, ਮੋਨਿਕਾ, ਕਲਾਵਾਨੀ ਨੇ ਸੈਮੀਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਨਾਲ ਭਾਰਤ ਦੇ 15 ਤਮਗ਼ੇ ਪੱਕੇ ਹੋ ਗਏ ਹਨ। ਮੋਨਿਕਾ ਨੇ ਥਾਈਲੈਂਡ ਦੀ ਅਪਾਰੋਰਨ ਇੰਟੋਨਗੀਸੀ ਨੂੰ 5-0 ਨਾਲ ਹਰਾ ਕੇ ਆਪਣੇ ਲਈ ਘਟ ਤੋਂ ਘੱਟ ਕਾਂਸੀ ਤਮਗ਼ਾ ਦਾ ਪੱਕਾ ਕਰ ਲਿਆ ਹੈ।
ਇਸ ਤੋਂ ਇਲਾਵਾ ਕਲਾਵਤੀ ਨੇ ਵੀ ਭੂਟਾਨ ਦੀ ਤਾਨਦੀਨ ਲਾਮੋ 'ਤੇ ਆਰਐੱਸਸੀ ਦੇ ਆਧਾਰ 'ਤੇ ਜਿੱਤ ਹਾਸਿਲ ਕੀਤੀ। ਦੱਸ ਦਈਏ, ਭਾਰਤ ਦੇ 10 ਮੁੱਕੇਬਾਜ਼ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤਮਗ਼ੇ ਆਪਣੇ ਨਾਂਅ ਕਰ ਚੁੱਕੇ ਹਨ।