ਨਵੀਂ ਦਿੱਲੀ: ਖੇਡ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਸ ਸਾਲ ਰਾਸ਼ਟਰੀ ਖੇਡ ਪੁਰਸਕਾਰ ਸਮਾਗਮ ਵਿੱਚ 1 ਜਾਂ 2 ਮਹੀਨੇ ਦੀ ਦੇਰੀ ਹੋਣ ਦੀ ਸੰਭਾਵਨਾ ਹੈ ਪਰ ਆਖ਼ਰੀ ਫ਼ੈਸਲਾ ਰਾਸ਼ਟਰਪਤੀ ਭਵਨ ਦੇ ਦਿਸ਼ਾ ਨਿਰਦੇਸ਼ ਮਿਲਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।
ਰਾਸ਼ਟਰੀ ਖੇਡ ਪੁਰਸਕਾਰ ਦੇ ਤਹਿਤ ਭਾਰਤ ਦੇ ਰਾਸ਼ਟਰਪਤੀ ਹਰ ਸਾਲ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਜੀਵ ਗਾਂਧੀ ਖੇਡ ਰਤਨ, ਅਰਜੁਨ, ਦਰੋਹਣਾਚਾਰੀਆ ਤੇ ਧਿਆਨਚੰਦ ਪੁਰਸਕਾਰ ਦਿੰਦੇ ਹਨ। ਰਾਸ਼ਟਰੀ ਖੇਡ ਪੁਰਸਕਾਰ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮਦਿਨ 'ਤੇ ਦਿੱਤੇ ਜਾਂਦੇ ਹਨ ਪਰ ਮਹਾਮਾਰੀ ਦੇ ਕਾਰਨ ਇਸ ਸਾਲ ਇਸ ਵਿੱਚ ਦੇਰੀ ਹੋ ਸਕਦੀ ਹੈ ਪਰ ਆਖ਼ਰੀ ਫ਼ੈਸਲੇ ਦਾ ਇੰਤਜਾਰ ਹੈ।
ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਸਾਨੂੰ ਰਾਸ਼ਟਰਪਤੀ ਭਵਨ ਵੱਲੋਂ ਹੁਣ ਤੱਕ ਕੋਈ ਨਿਰਦੇਸ਼ ਨਹੀਂ ਮਿਲੇ ਹਨ। ਸਾਨੂੰ ਖੇਡ ਪੁਰਸਕਾਰਾਂ ਨੂੰ ਲੈ ਕੇ ਸੂਚਨਾ ਮਿਲਣ ਦਾ ਇੰਤਜਾਰ ਹੈ। ਇਸ ਲਈ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਪੁਰਸਕਾਰ ਕਦੋਂ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਕਾਰਨ ਅਜੇ ਦੇਸ਼ ਵਿੱਚ ਸਮਾਜਿਕ ਇਕੱਠ ਕਰਨ ਉੱਤੇ ਪਾਬੰਦੀ ਹੋਣ ਕਾਰਨ ਰਾਸ਼ਟਰਪਤੀ ਭਵਨ ਵਿੱਚ ਅਜੇ ਕਈ ਵੀ ਸਮਾਗਮ ਨਹੀਂ ਕਰਵਾਇਆ ਜਾ ਰਿਹਾ ਹੈ।
ਅਧਿਕਾਰੀ ਨੇ ਕਿਹਾ ਕਿ ਪਿੱਛਲੇ ਸਮੇਂ ਵਿੱਚ ਵੀ ਪੁਰਸਕਾਰ ਰਸਮ ਦੇਰੀ ਨਾਲ ਕਰਵਾਈ ਗਈ ਹੈ। ਇਸ ਲਈ ਜੇਕਰ 29 ਅਗਸਤ ਨੂੰ ਸਮਾਰੋਹ ਨਹੀਂ ਹੁੰਦਾ ਤਾਂ ਅਸੀਂ ਇੱਕ ਜਾਂ ਦੋ ਮਹੀਨੇ ਬਾਅਦ ਵੀ ਇਸ ਨੂੰ ਕਰਵਾਇਆ ਜਾ ਸਕਦਾ ਹੈ। ਫ਼ਿਲਹਾਲ ਸਾਰਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ।
ਮਹਾਂਮਾਰੀ ਦੇ ਕਾਰਨ ਖੇਡ ਮੰਤਰਾਲੇ ਨੂੰ ਪਿਛਲੇ ਮਹੀਨੇ ਪੁਰਸਕਾਰਾਂ ਦੇ ਲਈ ਆਨਲਾਈਨ ਅਰਜ਼ੀਆਂ ਜਮ੍ਹਾ ਕਰਾਉਣ ਦਾ ਸਮਾਂ ਵਧਾਉਣਾ ਪਿਆ ਸੀ। ਖਿਡਾਰੀਆਂ ਨੂੰ ਖੁਦ ਨਾਮਜ਼ਦਗੀ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਖੁਦ ਨੂੰ ਨਾਮਜ਼ਦ ਕਰਨ ਦੀ ਪ੍ਰਵਾਨਗੀ ਹੋਣ ਦੇ ਕਾਰਨ ਪੁਰਸਕਾਰਾਂ ਦੇ ਲਈ ਵੱਡੀ ਗਿਣਤੀ ਵਿੱਚ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਪਰ ਖੇਡ ਮੰਤਰਾਲੇ ਨੇ ਜੇਤੂਆਂ ਦਾ ਫ਼ੈਸਲਾ ਕਰਨ ਦੇ ਲਈ ਹੁਣ ਤੱਕ ਕਮੇਟੀ ਦਾ ਗਠਨ ਨਹੀਂ ਕੀਤਾ ਹੈ ਜਦਕਿ ਤੈਅ ਸਮੇਂ ਦੇ ਅਨੁਸਾਰ ਸਮਾਰੋਹ ਵਿੱਚ ਸਿਰਫ਼ ਇੱਕ ਮਹੀਨੇ ਦਾ ਸਮਾਂ ਬਾਕੀ ਹੈ।
ਪਤਾ ਲੱਗਿਆ ਹੈ ਕਿ ਮੰਤਰਾਲੇ ਨੇ ਹੁਣ ਤੱਕ ਅਰਜ਼ੀਆਂ ਦੀ ਸਮੀਖਿਆ ਸ਼ੁਰੂ ਨਹੀਂ ਕੀਤੀ ਹੈ ਤੇ ਦੇਰੀ ਹੋਣੀ ਲਗਭਗ ਤੈਅ ਹੈ। ਮੰਤਰਾਲੇ ਦੇ ਇੱਕ ਸੂਤਰ ਨੇ ਕਿਹਾ ਕਿ ਇਸ ਸਾਲ ਪੱਕੇ ਤੌਰ ਉੁੱਤੇ ਖੇਡ ਪੁਰਸਕਾਰਾਂ ਵਿੱਚ ਦੇਰੀ ਹੋਵੇਗੀ ਕਿਉਂਕਿ ਅਰਜ਼ੀਆਂ ਦੀ ਸਮੀਖਿਆ ਮੁਸ਼ਕਿਲ ਕੰਮ ਹੈ ਜੋ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਕਿ ਪਰ ਪੁਰਸਕਾਰ ਜ਼ਰੂਰ ਦਿੱਤੇ ਜਾਣਗੇ। ਯੋਗ ਖਿਡਾਰੀਆਂ ਤੇ ਕੋਚਾਂ ਨੂੰ ਪੁਰਸਕਾਰ ਤੋਂ ਵਾਂਝੇ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।