ਬਰਨਾਲਾ: ਅਕਸਰ ਕਿਹਾ ਜਾਂਦਾ ਹੈ ਕਿ ਸੁਪਨੇ ਵੱਡੇ ਵੇਖੋ, ਪਰ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਤੋਂ ਵੀ ਸਖ਼ਤ ਮਿਹਨਤ ਕਰੋ, ਤਾਂ ਹੀ ਤੁਹਾਡੇ ਸੁਪਨੇ ਪੂਰੇ ਹੋਣਗੇ। 7 ਸਾਲਾਂ ਦੀ ਜੀ-ਤੋੜ ਮਿਹਨ ਸਦਕਾ ਅਕਾਸ਼ਦੀਪ ਨੇ ਆਪਣਾ ਸੁਪਨਾ ਪੂਰਾ ਕਰ ਲਿਆ ਹੈ। ਪਿੰਡ ਕਾਹਨੇਕੇ ਦੇ ਐਥਲੀਟ ਖਿਡਾਰੀ ਅਕਾਸ਼ਦੀਪ ਸਿੰਘ ਨੇ ਪੈਰਿਸ ਓਲੰਪਿਕ ਖੇਡਾਂ 2024 ਲਈ ਕੁਆਲੀਫਾਈ ਕਰਕੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਆਪਣੇ ਪਿੰਡ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਅਦ ਅਕਾਸ਼ਦੀਪ ਸਿੰਘ ਦਾ ਆਪਣੇ ਜੱਦੀ ਪਿੰਡ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਉਲੰਪਿਕ ਖੇਡਾਂ ਲਈ ਤਿਆਰ: ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਪਿਛਲੇ 7 ਸਾਲਾਂ ਤੋਂ ਲਗਾਤਾਰ ਅਣਥੱਕ ਮਿਹਨਤ ਅਤੇ ਅਭਿਆਸ ਕਰ ਰਿਹਾ ਹੈ ਅਤੇ ਇਸਦੀ ਸ਼ੁਰੂਆਤ ਉਸ ਨੇ ਆਪਣੇ ਪਿੰਡ ਤੋਂ ਕੀਤੀ ਹੈ। ਇਸ ਖੇਡ ਦੇ ਸਫ਼ਰ 'ਚ ਅਕਾਸ਼ ਨੂੰ ਮਾਪਿਆਂ ਦਾ ਪੂਰਾ ਸਹਿਯੋਗ ਮਿਿਲਆ ਹੈ। ਜਿਸ ਦੀ ਬਦੌਲਤ ਉਸ ਵੱਲੋਂ ਨੈਸ਼ਨਲ ਰਿਕਾਰਡ ਬਣਾਏ । ਉਹ ਅੱਗੇ ਵੀ ਸਖ਼ਤ ਮਿਹਨਤ ਕਰੇਗਾ ਅਤੇ ਓਲੰਪਿਕ ਖੇਡਾਂ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਵਿੱਚ ਪਾਵੇਗਾ।
ਸਰਕਾਰਾਂ ਤੋਂ ਆਸ: ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਵੇਲੇ ਉਨ੍ਹਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 50000 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਅਕਾਸ਼ ਦਾ ਕਿਹਾ ਹੈ ਕਿ ਹੁਣ ਖੇਡ ਮੰਤਰੀ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਫੋਨ ਕਰਕੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਪੰਜਾਬ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ। ਅਕਾਸ਼ਦੀਪ ਦਾ ਕਹਿਣਾ ਹੈ ਕਿ ਉਹ ਆਪਣੀ ਖੇਡ ਜਾਰੀ ਰੱਖਣਗੇ ਅਤੇ ਇਸ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤੇਗਾ, ਜੋ ਕਿ ਡੇਢ ਸਾਲ ਦੂਰ ਹੈ।
ਮਾਪਿਆਂ ਦਾ ਬਿਆਨ: ਅਕਾਸ਼ਦੀਪ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਉਹ ਉਲੰਪਿਕ ਖੇਡਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਲਈ ਮੰਗ ਕੀਤੀ। ਮਾਤਾ ਰੁਪਿੰਦਰ ਕੌਰ ਅਤੇ ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਸਿੰਘ ਪਿਛਲੇ 7 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਉਹ ਇਸ ਤੋਂ ਪਹਿਲਾਂ ਪਟਿਆਲਾ ਅਤੇ ਹੁਣ ਬੈਂਗਲੁਰੂ ਤੋਂ ਸਿਖਲਾਈ ਲੈ ਰਿਹਾ ਹੈ। ਉਹਨਾਂ ਦੱਸਿਆ ਕਿ ਉਹ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਲੜਕੇ ਦੀ ਖੇਡ ਨੂੰ ਉਤਸ਼ਾਹਿਤ ਕੀਤਾ ਹੈ। ਹੁਣ ਤੱਕ ਉਹਨਾਂ ਨੇ ਆਪਣੇ ਪੁੱਤਰ ਦੀਆਂ ਖੇਡਾਂ 'ਤੇ ਕਰੀਬ 14 ਲੱਖ ਰੁਪਏ ਖਰਚ ਕਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਖਿਡਾਰੀ ਦੇਸ਼ ਦੀ ਵਿਰਾਸਤ ਹਨ ਅਤੇ ਖਿਡਾਰੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ।
ਇਹ ਵੀ ਪੜ੍ਹੋ: IND vs AUs 2nd Test: ਦੂਜੇ ਟੈਸਟ ਵਿੱਚ ਵੀ ਆਸਟ੍ਰੇਲੀਆ ਲਈ ਜਿੱਤਣਾ ਆਸਾਨ ਨਹੀਂ...