ਨਵੀਂ ਦਿੱਲੀ: ਸਪੇਨ ਦੇ 21 ਸਾਲਾ ਫੁੱਟਬਾਲ ਕੋਚ ਫਰਾਂਸਿਸਕੋ ਗਾਰਸੀਆ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਦਰਅਸਲ ਫਰਾਂਸਿਸਕੋ ਕੈਂਸਰ ਨਾਲ ਵੀ ਜੂਝ ਰਿਹਾ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਅਜਿਹੀ ਸਥਿਤੀ ਵਿੱਚ ਉਸ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਤੇ ਉਸ ਦੀ ਮੌਤ ਹੋ ਗਈ।
ਗਾਰਸੀਆ ਸਪੇਨ ਦੇ ਪ੍ਰਤਿਭਾਵਾਨ ਖਿਡਾਰੀਆਂ ਵਿੱਚੋਂ ਇੱਕ ਸੀ। ਉਸ ਕੋਲ ਐਟਲੇਟਿਕੋ ਪੋਰਡਾਟਾ ਦੇ ਕੋਚ ਦੇ ਨਾਲ ਮੈਨੇਜਰ ਦੀ ਵੀ ਜ਼ਿੰਮੇਵਾਰੀ ਸੀ। ਮੰਨਿਆ ਜਾ ਰਿਹਾ ਹੈ ਕਿ ਗਰਾਸੀਆ ਕੋਰੋਨਾ ਵਾਇਰਸ ਕਾਰਨ ਜਾਨ ਗਵਾਉਣ ਵਾਲੇ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ, ਹਾਲਾਂਕਿ ਇੰਗਲੈਂਡ ਵਿੱਚ ਪਿਛਲੇ ਹਫਤੇ ਇੱਤ ਨਵਜੰਮੇ ਬੱਚੇ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਸੀ।
ਗਾਰਸੀਆ ਦੀ ਮੌਤ ਤੋਂ ਬਾਅਦ, ਅਥਲੈਟਿਕੋ ਪੋਰਟਾਡਾ ਕਲੱਬ ਨੇ ਦੁੱਖ ਪ੍ਰਗਟਾਉਂਦਿਆਂ ਲਿਖਿਆ, "ਗਾਰਸੀਆ ਦੀ ਮੌਤ ਨਾਲ ਬਹੁਤ ਦੁੱਖ ਪਹੁੰਚਿਆ ਹੈ ਅਤੇ ਉਸ ਦੇ ਪਰਿਵਾਰ ਨਾਲ ਸਾਡੀ ਹਮਦਰਦੀ ਹੈ। ਅਸੀਂ ਤੈਨੂੰ ਕਦੇ ਵੀ ਨਹੀਂ ਭੁੱਲਾਂਗੇ ਗਾਰਸੀਆ, ਅਸੀਂ ਤੇਰੇ ਬਗੈਰ ਕੀ ਕਰਾਂਗੇ।"
ਦੱਸ ਦਈਏ ਕਿ ਸਪੇਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ 297 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿੱਚ 8700 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਸਪੇਨ ਵਿਚ ਫੁੱਟਬਾਲ ਦੇ ਸਾਰੇ ਮੈਚ ਰੱਦ ਕਰ ਦਿੱਤੇ ਗਏ ਹਨ।