ਗੋਲਡ ਕੋਸਟ: ਭਾਰਤੀ ਮਹਿਲਾ ਟੀਮ (Indian Cricket Team) ਨੇ ਕਾਰਾਰਾ ਓਵਲ ਵਿਚ ਖੇਡੇ ਜਾ ਰਹੇ ਇਕੋ ਡੇ-ਨਾਈਟ ਟੈਸਟ ਮੈਚ (Day-Knight Test match) ਦੇ ਤੀਜੇ ਦਿਨ ਆਪਣੀ ਪਹਿਲੀ ਪਾਰੀ 8 ਵਿਕਟਾਂ (8 Wickets) ਦੇ ਨੁਕਸਾਨ 'ਤੇ 377 ਦੌੜਾਂ 'ਤੇ ਐਲਾਨ ਦਿੱਤੀ। ਜਦੋਂ ਕਿ ਆਸਟ੍ਰੇਲੀਆ (Australia) ਨੇ ਦਿਨ ਦੀ ਖੇਡ ਖਤਮ ਹੋਣ ਤੱਕ ਪਹਿਲੀ ਪਾਰੀ ਵਿਚ ਚਾਰ ਵਿਕਟਾਂ 'ਤੇ 143 ਦੌੜਾਂ ਬਣਾਈਆਂ ਹਨ ਅਤੇ ਉਹ ਅਜੇ ਭਾਰਤ ਤੋਂ 234 ਦੌੜਾਂ ਪਿੱਛੇ ਚੱਲ ਰਹੀ ਹੈ।
ਸਟੰਪਸ ਤੱਕ ਏਲੀਸੇ ਪੇਰੀ 98 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ 27 ਅਤੇ ਐਸ਼ਲੋ ਗਾਰਡਨਰ 34 ਗੇਂਦਾਂ 'ਤੇ ਇਕ ਚੌਕੇ ਦੇ ਸਹਾਰੇ 13 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹੈ। ਭਾਰਤ ਵਲੋਂ ਝੂਲਨ ਗੋਸਵਾਮੀ ਅਤੇ ਪੂਜਾ ਵਸਨਾਕਰ ਨੂੰ ਹੁਣ ਤੱਕ ਦੋ-ਦੋ ਵਿਕਟਾਂ ਮਿਲੀਆਂ ਹਨ।
ਪਾਰੀ ਐਲਾਨ ਕਰਨ ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਨੂੰ ਬੈਥ ਮੂਨੀ (4) ਵਜੋਂ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਏਲੀਸਾ ਹੇਲੀ ਅਤੇ ਕਪਤਾਨ ਮੇਗ ਲੇਨਿੰਗ ਨੇ ਦੂਜੀ ਵਿਕਟ ਲਈ 49 ਦੌੜਾਂ ਜੋੜੀਆਂ, ਪਰ ਝੂਲਨ ਨੇ ਹੇਲੀ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਹੇਲੀ ਨੇ 66 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ 29 ਦੌੜਾਂ ਬਣਾਈਆਂ।
ਇਸ ਤੋਂ ਕੁਝ ਦੇਰ ਬਾਅਦ ਲੇਨਿੰਗ ਵੀ ਆਊਟ ਹੋ ਗਈ ਅਤੇ 78 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾ ਕੇ ਪਵੇਲੀਅਨ ਪਰਤੀ। ਫਿਰ ਵਸਨਾਕਰ ਨੇ ਤਾਲਿਹਾ ਮੈਕ੍ਰਾਥ ਨੂੰ ਆਊਟ ਕਰ ਕੇ ਆਸਟ੍ਰੇਲੀਆ ਨੂੰ ਚੌਥਾ ਝਟਕਾ ਦਿੱਤਾ। ਜਿਨ੍ਹਾਂ ਨੇ 68 ਗੇਂਦਾਂ ' ਤੇ 4 ਚੌਕਿਆਂ ਦੀ ਮਦਦਨ ਨਾਲ 28 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਨੇ ਅੱਜ 5 ਵਿਕਟਾਂ 'ਤੇ 276 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਦੀਪਤੀ ਸ਼ਰਮਾ ਨੇ 12 ਦੌੜਾਂ ਅਤੇ ਵਿਕਟ ਕੀਪਰ ਬੱਲੇਬਾਜ਼ ਤਾਨੀਆ ਭਾਟੀਆ ਨੇ ਖਾਤਾ ਖੋਲ੍ਹੇ ਬਿਨਾਂ ਪਾਰੀ ਅੱਗੇ ਵਧਾਈ। ਦੋਵੇਂ ਖਿਡਾਰਣਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਕੈਂਪਬੇਲ ਨੇ ਤਾਨੀਆ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਤਾਨੀਆ 75 ਗੇਂਦਾਂ 'ਤੇ ਤਿੰਨ ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾ ਕੇ ਆਊਟ ਹੋਈ।
ਇਸ ਤੋਂ ਬਾਅਦ ਪੂਜਾ ਵਸਨਾਕਰ 48 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾ ਕੇ ਪਵੇਲੀਅਨ ਪਰਤੀ। ਫਿਰ ਦੀਪਤੀ ਵੀ ਅਰਧ ਸੈਕੜਾ ਬਣਾਉਣ ਤੋਂ ਬਾਅਦ ਜ਼ਿਆਦਾ ਦੇਰ ਕ੍ਰੀਜ਼ 'ਤੇ ਨਹੀਂ ਟਿਕ ਸਕੀ ਅਤੇ 167 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 66 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਕੁਝ ਦੇਰ ਬਾਅਦ ਭਾਰਤ ਨੇ ਪਾਰੀ ਐਲਾਨ ਕਰਨ ਦਾ ਫੈਸਲਾ ਲਿਆ। ਭਾਰਤ ਦੀ ਪਾਰੀ ਵਿਚ ਝੂਲਨ 7 ਅਤੇ ਮੇਘਨਾ ਸਿੰਘ ਦੋ ਦੌੜਾਂ ਬਣਾ ਕੇ ਅਜੇਤੂ ਰਹੀ। ਆਸਟ੍ਰੇਲੀਆ ਵਲੋਂ ਪੇਰੀ, ਸਟੇਲਾ ਕੈਂਪਬੇਲ ਅਤੇ ਸੋਫੀ ਮੋਲਿਕਨੇਯੁਕਸ ਨੂੰ 2-2 ਵਿਕਟਾਂ ਹਾਸਲ ਹੋਈਆਂ ਜਦੋਂ ਕਿ ਗਾਰਡਨਰ ਨੇ ਇਕ ਵਿਕਟ ਹਾਸਲ ਕੀਤੀ।
ਇਹ ਵੀ ਪੜ੍ਹੋ- 'ਪੰਜਾਬ 'ਚ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਇਸ ਲਈ ਮੁੱਖ ਮੰਤਰੀ ਬਦਲਿਆ'