ਹੈਦਰਾਬਾਦ: ਯੂਏਈ ਦੇ ਮੈਦਾਨ 'ਤੇ ਖੇਡੀ ਜਾ ਰਹੀ ਆਈਪੀਐਲ-2020 ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਦੁਬਈ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ। ਆਈਪੀਐਲ -13 ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 14ਵਾਂ ਸੀਜ਼ਨ ਤੈਅ ਸਮੇਂ ‘ਤੇ ਆਯੋਜਿਤ ਕੀਤਾ ਜਾਵੇਗਾ।
ਦਰਅਸਲ, ਇਸ ਵਾਰ ਕੋਵਿਡ -19 ਦੇ ਕਾਰਨ ਆਈਪੀਐਲ ਦੀ ਸੰਯੁਕਤ ਅਰਬ ਅਮੀਰਾਤ ਵਿੱਚ ਆਯੋਜਨ ਕੀਤਾ ਗਿਆ ਸੀ ਅਤੇ ਇਸ ਸਾਲ ਦੇਰੀ ਨਾਲ ਹੋਣ ਵਾਲੇ ਪ੍ਰੋਗਰਾਮ ਕਾਰਨ, ਬੀਸੀਸੀਆਈ ਨੂੰ ਅਗਲੇ ਸਾਲ ਹੋਣ ਵਾਲੇ ਆਈਪੀਐਲ ਲਈ ਤਿਆਰੀ ਦਾ ਪੂਰਾ ਮੌਕਾ ਵੀ ਨਹੀਂ ਮਿਲ ਸਕਿਆ। ਜਿਸ ਕਾਰਨ ਆਈਪੀਐਲ -14 ਨੂੰ ਲੈ ਕੇ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਪਰ ਗਾਂਗੁਲੀ ਨੇ ਸਾਰੀਆਂ ਅਟਕਲਾਂ 'ਤੇ ਰੋਕ ਲਗਾਉਂਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਆਈਪੀਐਲ ਦਾ ਅਗਲਾ ਸੀਜ਼ਨ ਭਾਰਤ 'ਚ ਹੋਵੇਗਾ।
ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਸੌਰਵ ਗਾਂਗੁਲੀ ਨੇ ਕਿਹਾ, “ਅਗਲੇ ਸਾਲ ਇੰਗਲੈਂਡ ਦੀ ਟੀਮ ਵੀ ਭਾਰਤ ਦਾ ਦੌਰਾ ਕਰੇਗੀ ਅਤੇ ਇਹ ਲੜੀ ਬਾਇਓ ਸਿਕਿਓਰ ਬੱਬਲ ਵਿੱਚ ਖੇਡੀ ਜਾਵੇਗੀ। ਇਸ ਤੋਂ ਇਲਾਵਾ ਰਣਜੀ ਟਰਾਫ਼ੀ ਵੀ ਬਾਇਓ ਬੱਬਲ ਵਿੱਚ ਆਯੋਜਤ ਕੀਤੀ ਜਾਵੇਗੀ ਅਤੇ ਅਸੀਂ ਅਗਲੀ ਆਈਪੀਐਲ ਦਾ ਆਯੋਜਨ ਵੀ ਭਾਰਤ ਵਿੱਚ ਕਰਾਗੇ। ਯੂਏਈ ਵਿੱਚ, ਆਈਪੀਐਲ ਸਿਰਫ ਇਸ ਵਾਰ ਲਈ ਸੀ।
ਆਈਪੀਐਲ -14 ਨਾਲ ਜੁੜੇ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਹਾਂ, ਬਿਲਕੁਲ, ਸਾਡੇ ਕੋਲ ਅਪ੍ਰੈਲ, ਮਈ ਵਿੱਚ ਇੱਕ ਹੋਰ (ਆਈਪੀਐਲ 2021 ਸੀਜ਼ਨ) ਹੋਵੇਗਾ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ-19 ਵਿੱਚ ਯੂਏਈ ਦੇ ਮੈਦਾਨਾਂ ਵਿੱਚ ਆਈਪੀਐਲ ਦਾ ਆਯੋਜਨ ਕਰਵਾਉਣਾ ਗਾਂਗੁਲੀ ਅਤੇ ਬੀਸੀਸੀਆਈ ਦੀ ਇੱਕ ਮਹਾਨ ਪ੍ਰਾਪਤੀ ਸੀ।