ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦੇ ਤੀਜੇ ਮੈਚ ਵਿੱਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਪਿਛਲੇ ਸਾਲ ਓਰੇਂਜ ਕੈਪ ਜਿੱਤਣ ਵਾਲੇ ਬੱਲੇਬਾਜ਼ ਡੇਵਿਡ ਵਾਰਨਰ ਦੀ ਅਗਵਾਈ ਵਾਲੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਆਹਮੋ-ਸਾਹਮਣੇ ਹੋਣਗੀਆਂ।
ਇੱਕ ਪਾਸੇ ਜਿੱਥੇ ਸਨਰਾਈਜ਼ਰਸ ਹੈਦਰਾਬਾਦ (ਐਸਆਰਐਚ) ਸਾਲ 2016 ਵਿਚ ਚੈਂਪੀਅਨ ਬਣਿਆ ਸੀ ਉੱਥੇ ਹੀ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਇਕ ਵਾਰ ਵੀ ਆਈਪੀਐਲ ਟਰਾਫੀ ਆਪਣੇ ਨਾਂਅ ਨਹੀਂ ਕੀਤੀ ਹੈ।
ਕਿਵੇਂ ਰਿਹਾ ਦੋਵਾਂ ਟੀਮਾਂ ਦਾ ਇਤਿਹਾਸ
ਐਸਆਰਐਚ ਸਾਲ 2013 ਵਿਚ ਇਸ ਲੀਗ ਨਾਲ ਜੁੜੀ ਸੀ ਜਿਸ ਤੋਂ ਬਾਅਦ ਉਹ ਦੋ ਵਾਰ ਫਾਈਨਲ ਵਿਚ ਪਹੁੰਚੀ। ਸਾਲ 2016 ਵਿੱਚ ਉਸ ਨੇ ਆਰਸੀਬੀ ਨੂੰ ਹਰਾਇਆ ਤੇ ਖਿਤਾਬ ਆਪਣੇ ਨਾਂਅ ਕੀਤਾ ਅਤੇ ਸਾਲ 2018 ਵਿੱਚ ਉਹ ਚੇਨੱਈ ਸੁਪਰ ਕਿੰਗਜ਼ ਤੋਂ ਹਾਰ ਕੇ ਰਨਰ ਅਪ ਬਣੀ। ਇਸ ਦੇ ਨਾਲ ਹੀ, ਕੋਹਲੀ ਦੀ ਟੀਮ ਅੱਜ ਤਕ ਤਿੰਨ ਵਾਰ ਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ, ਪਰ ਇਕ ਵਾਰ ਵੀ ਉਹ ਜਿੱਤ ਨਹੀਂ ਸਕੀ।
ਸਾਲ 2009 ਵਿੱਚ ਉਨ੍ਹਾਂ ਨੂੰ ਫਾਈਨਲ ਵਿੱਚ ਡੈਕਨ ਚਾਰਜਰਸ ਤੋਂ, 2011 ਵਿੱਚ ਚੇਨੱਈ ਸੁਪਰ ਕਿੰਗਜ਼ ਤੇ ਸਾਲ 2016 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਤੋਂ ਮੂੰਹ ਦੀ ਖਾਣੀ ਪਈ ਸੀ।
ਦੋਹਾਂ ਟੀਮਾਂ ਦੇ ਮਿਡਲ ਆਰਡਰ ਵਿਚ ਕੋਈ ਵੱਡਾ ਨਾਂਅ ਨਹੀਂ ਹੈ
ਜੇ ਵਿਰਾਟ ਕੋਹਲੀ ਦੀ ਟੀਮ ਆਰਸੀਬੀ ਦੀ ਗੱਲ ਕਰੀਏ ਤਾਂ ਟੀਮ ਕੋਲ ਵਿਰਾਟ ਕੋਹਲੀ ਤੋਂ ਇਲਾਵਾ ਏਬੀ ਡੀਵਿਲੀਅਰਜ਼ ਹੈ। ਕੋਹਲੀ ਅਤੇ ਏਬੀ ਦੀ ਜੋੜੀ ਨੇ ਵੀ ਆਈਪੀਐਲ ਦੇ ਇਤਿਹਾਸ ਵਿਚ ਸਭ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਖੇਡੀ ਹੈ। ਨਾਲ ਹੀ ਇਨ੍ਹਾਂ ਦੋਵਾਂ ਦੇ ਦਮ 'ਤੇ ਟੀਮ ਨੇ ਆਈਪੀਐਲ ਦੇ ਇਤਿਹਾਸ ਵਿੱਚ ਇੱਕ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ।
ਇੰਨਾ ਹੀ ਨਹੀਂ, ਕੋਹਲੀ ਇਸ ਲੀਗ ਵਿਚ ਸਭ ਤੋਂ ਵੱਧ ਦੌੜਾਂ (5412 ਦੌੜਾਂ) ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ 2016 ਦੇ ਆਈਪੀਐਲ ਵਿਚ 973 ਦੌੜਾਂ ਬਣਾਈਆਂ ਸਨ। ਇਹ ਰਿਕਾਰਡ ਅੱਜ ਤੱਕ ਕਾਇਮ ਹੈ। ਉਸ ਤੋਂ ਇਲਾਵਾ ਟੀਮ ਵਿਚ ਐਰੋਨ ਫਿੰਚ ਅਤੇ ਮੋਇਨ ਅਲੀ ਵੀ ਹਨ ਜੋ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤ ਕਰ ਸਕਦੇ ਹਨ। ਹਾਲਾਂਕਿ, ਇਸ ਟੀਮ ਵਿਚ ਮਿਡਲ ਆਰਡਰ ਵਿਚ ਕੋਈ ਵੱਡਾ ਨਾਂਅ ਦਿਖਾਈ ਨਹੀਂ ਦੇ ਰਿਹਾ।
ਉੱਥੇ ਹੀ ਜੇ ਹੈਦਰਾਬਾਦ ਦੇ ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਟੀਮ ਵਿਚ ਡੇਵਿਡ ਵਾਰਨਰ ਅਤੇ ਜੌਨੀ ਬੇਅਰਸਟੋ ਨੇ ਸਲਾਮੀ ਬੱਲੇਬਾਜ਼ਾਂ ਦੀ ਜਗ੍ਹਾ ਲਈ ਹੈ। ਕੇਨ ਵਿਲੀਅਮਸਨ ਤੀਜੇ ਨੰਬਰ 'ਤੇ ਆ ਸਕਦੇ ਹਨ। ਜੇ ਇਹ ਤਿੰਨ ਵਿਦੇਸ਼ੀ ਖਿਡਾਰੀ ਖੇਡਦੇ ਹਨ, ਤਾਂ ਰਾਸ਼ਿਦ ਖਾਨ ਅਤੇ ਮੁਹੰਮਦ ਨਬੀ ਵਿੱਚੋਂ ਸਿਰਫ ਇਕ ਨੂੰ ਹੀ ਖੇਡਦੇ ਵੇਖਿਆ ਜਾ ਸਕਦਾ ਹੈ।
ਟਾਪ ਆਰਡਰ ਇਸ ਟੀਮ ਦਾ ਕਮਾਲ ਦਾ ਹੈ ਪਰ ਟੀਮ ਕੋਲ ਫਿਨੀਸ਼ਰ ਦੀ ਕਮੀ ਹੈ। ਟੀਮ ਵਿਚ ਅਜਿਹਾ ਕੋਈ ਨਾਂਅ ਨਹੀਂ ਹੈ ਜੋ ਮੈਚ ਨੂੰ ਫਿਨਿਸ਼ ਕਰ ਸਕੇ। ਵਿਜੇ ਸ਼ੰਕਰ, ਵਿਰਾਟ ਸਿੰਘ ਅਤੇ ਪ੍ਰੀਅਮ ਗਰਗ ਟੀਮ ਵਿਚ ਸ਼ਾਮਲ ਹਨ ਪਰ ਉਨ੍ਹਾਂ ਵਿਚੋਂ ਕੋਈ ਵੱਡਾ ਨਾਂਅ ਨਹੀਂ ਹੈ।
ਮਨੀਸ਼ ਪਾਂਡੇ ਟੀਮ ਵਿਚ ਮਿਡਲ ਆਰਡਰ ਵਿਚ ਪਾਰੀ ਨੂੰ ਸੰਭਾਲ ਸਕਦੇ ਹਨ। 29 ਦੀ ਐਵਰੇਜ ਨਾਲ ਮਿਡਲ ਆਰਡਰ ਵਿੱਚ ਆਉਣ ਵਾਲੇ ਮਨੀਸ਼ ਉੱਤੇ ਐਸਆਰਐਚ ਦਾਅ ਲਗਾ ਸਕਦੀ ਹੈ।