ਸ਼ਾਰਜਾਹ: ਮੁੰਬਈ ਇੰਡੀਅਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਐਡੀਸ਼ਨ ਦੇ 17ਵੇਂ ਮੈਚ ਵਿੱਚ ਐਤਵਾਰ ਨੂੰ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਸਨਰਾਈਜ਼ ਹੈਦਰਾਬਾਦ ਨੂੰ 34 ਦੌੜਾਂ ਨਾਲ ਹਰਾ ਕੇ ਟੇਬਲ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਹੈਦਰਾਬਾਦ ਦੀ ਟੀਮ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ ਸਿਰਫ਼ 174 ਦੌੜਾਂ ਹੀ ਬਣਾ ਸਕੀ।
ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੇ ਸਾਹਮਣੇ ਜਿੱਤ ਦੇ ਲਈ 20 ਓਵਰਾਂ ਵਿੱਚ 209 ਦੌੜਾਂ ਦਾ ਟੀਚਾ ਰੱਖਿਆ ਸੀ। ਪਰ ਮੁੰਬਈ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਹੈਦਰਾਬਾਦ ਨੂੰ 174 ਦੌੜਾਂ 'ਤੇ ਹੀ ਰੋਕ ਦਿੱਤਾ ਅਤੇ ਟੂਰਨਾਮੈਂਟ ਵਿੱਚ ਤੀਜੀ ਜਿੱਤ ਦਰਜ਼ ਕੀਤੀ।
ਹੈਦਰਾਬਾਦ ਦੀ ਤਰਫੋਂ ਕਪਤਾਨ ਡੇਵਿਡ ਵਾਰਨਰ ਨੇ ਸਭ ਤੋਂ ਵੱਧ 60 ਦੌੜਾਂ ਬਣਾਈਆਂ। ਇਸ ਆਈਪੀਐਲ ਵਿੱਚ ਇਹ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਹੈ। ਉਨ੍ਹਾਂ ਨੇ 44 ਗੇਂਦਾਂ ਵਿੱਚ ਪੰਜ ਚੌਕੇ ਅਤੇ 2 ਛੱਕੇ ਮਾਰੇ। ਮਨੀਸ਼ ਪਾਂਡੇ ਨੇ 30 ਦੌੜਾਂ ਦਾ ਯੋਗਦਾਨ ਦਿੱਤਾ।
ਹਾਲਾਂਕਿ ਕੇਨ ਵਿਲੀਅਮਸਨ ਕੁੱਝ ਖਾਸ ਨਹੀਂ ਕਰ ਸਕਿਆ ਅਤੇ ਸਿਰਫ ਤਿੰਨ ਦੌੜਾਂ ਬਣਾ ਕੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਦਾ ਸ਼ਿਕਾਰ ਬਣੇ। ਉੱਥੇ ਹੀ ਪਿਛਲੇ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਪ੍ਰਿਯਮ ਗਰਗ ਨੇ ਵੀ ਜਲਦੀ ਆਪਣਾ ਵਿਕਟ ਗੁਆ ਦਿੱਤਾ। ਉਨ੍ਹਾਂ ਨੇ ਸਿਰਫ਼ 8 ਦੌੜਾਂ ਬਣਾਈਆਂ।