ਲਾਹੌਰ: ਕਰਾਚੀ ਕਿੰਗਜ਼ ਦੇ ਮੁੱਖ ਕੋਚ ਵਸੀਮ ਅਕਰਮ ਨੇ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਵਿੱਚ ਆਪਣੀ ਟੀਮ ਦੀ ਪਹਿਲੀ ਖਿਤਾਬੀ ਜਿੱਤ ਨੂੰ ਮਰਹੂਮ ਡੀਨ ਜੋਨਸ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਦਾ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ।
ਆਸਟ੍ਰਲੀਆ ਦੇ ਸਾਬਕਾ ਬੱਲੇਬਾਜ਼ ਜੋਨਸ ਪੀਐਸਐਲ2020 ਤੋਂ ਪਹਿਲਾਂ ਕਰਾਚੀ ਕਿੰਗਜ਼ ਦੇ ਮੁੱਖ ਕੋਚ ਵੱਜੋਂ ਜੁੜੇ ਸਨ ਅਤੇ ਫਰਵਰੀ-ਮਾਰਚ ਵਿੱਚ ਲੀਗ ਮੈਚਾਂ ਦੌਰਾਨ ਮੌਜੂਦ ਸਨ, ਪਰ ਕੋਵਿਡ-19 ਮਹਾਂਮਾਰੀ ਕਾਰਨ ਟੂਰਨਾਮੈਂਟ ਦੇ ਨਾਕ-ਆਊਟ ਨੂੰ ਮੁਅੱਤਲ ਕਰ ਦਿੱਤਾ ਗਿਆ।
ਆਈਪੀਐਲ ਦੌਰਾਨ ਮੁੰਬਈ ਵਿੱਚ ਜੋਨਸ ਦੇ ਦੇਹਾਂਤ ਤੋਂ ਬਅਦ ਅਕਰਮ ਕੋਚ ਦੇ ਰੂਪ ਵਿੱਚ ਕਰਾਚੀ ਕਿੰਗਜ਼ ਟੀਮ ਨਾਲ ਜੁੜੇ।
ਅਕਰਮ ਨੇ ਇੱਕ ਟੈਲੀਵਿਜ਼ਨ ਚੈਨਲ ਨੂੰ ਕਿਹਾ, ''ਇਹ ਅਜਿਹਾ ਸਾਲ ਹੈ ਜਿਸ ਨੂੰ ਉਹ ਲੰਬੇ ਸਮੇਂ ਤੱਕ ਨਹੀਂ ਭੁੱਲ ਸਕਦੇ। ਇਹ ਮੇਰੇ ਲਈ ਦੁੱਖ ਅਤੇ ਖੁਸ਼ੀ ਦੋਵੇਂ ਲੈ ਕੇ ਆਇਆ। ਕੱਲ ਰਾਤ ਡੀਨੋ (ਡੀਨ ਜੋਨਸ) ਦੀ ਬਹੁਤ ਘਾਟ ਰੜਕੀ।''
ਉਨ੍ਹਾਂ ਕਿਹਾ, ''ਡੀਨੋ ਕਰਾਚੀ ਕਿੰਗਜ਼ ਅਤੇ ਪੀਐਸਐਲ ਦਾ ਵੱਖਰਾ ਹਿੱਸਾ ਸੀ। ਮੈਨੂੰ ਮੁੱਖ ਕੋਚ ਦਾ ਅਹੁਦਾ ਸੰਭਾਲਣਾ ਪਿਆ ਪਰ ਮੈਂ ਉਨ੍ਹਾਂ ਦੇ ਜ਼ਜ਼ਬੇ ਅਤੇ ਪ੍ਰਤੀਬੱਧਤਾ ਦੀ ਥਾਂ ਕਦੇ ਨਹੀਂ ਲੈ ਸਕਦਾ।''
ਕਰਾਚੀ ਕਿੰਗਜ਼ ਨੇ ਮੰਗਲਵਾਰ ਨੂੰ ਫ਼ਾਈਨਲ ਵਿੱਚ ਲਾਹੌਲ ਕਲੰਦਰਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰੀ ਪੀਐਸਐਲ ਖਿਤਾਬ ਜਿੱਤਿਆ।
ਕਪਤਾਨ ਇਮਾਦ ਵਸੀਮ ਅਤੇ ਟੀਮ ਦੇ ਮੈਂਬਰ ਬਾਬਰ ਆਜ਼ਮ ਨੇ ਵੀ ਪੀਐਸਐਲ ਦੀ ਖਿਤਾਬੀ ਜਿੱਤ ਜੋਨਸ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਹ ਉਨ੍ਹਾਂ ਨੂੰ ਉਨ੍ਹਾਂ ਦੀ ਸਰਵਉਚ ਸ਼ਰਧਾਂਜਲੀ ਹੈ।