ਸਿਡਨੀ: ਆਸਟ੍ਰੇਲੀਆ ਦੀ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) 'ਚ ਸ਼ੁੱਕਰਵਾਰ ਨੂੰ ਖੇਡੇ ਗਏ ਪਹਿਲੇ ਵਨ ਡੇਅ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 66 ਦੌੜਾਂ ਨਾਲ ਮਾਤ ਦੇ ਦਿੱਤੀ ਹੈ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 374 ਦੌੜਾਂ ਦਾ ਵਿਸ਼ਾਲ ਟੀਚਾ ਭਾਰਤ ਨੂੰ ਹਾਸਿਲ ਕਰਨ ਲਈ ਦਿੱਤਾ। ਪਰ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਤੇ ਮਹਿਜ਼ 308 ਦੌੜਾਂ ਬਣਾਇਆ।
ਇਸ ਜਿੱਤ ਤੋਂ ਬਾਅਦ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਵਨ ਡੇਅ ਸੀਰੀਜ਼ ਵਿੱਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।
ਹਲਾਂਕਿ ਭਾਰਤ ਲਈ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਹਾਰਦਿਕ ਪਾਂਡਿਆ ਨੇ ਸਭ ਤੋਂ ਵੱਧ 90 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਪਾਂਡਿਆ ਨੇ 76 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਸੱਤ ਚੌਕਿਆਂ ਤੇ ਚਾਰ ਛੱਕੇ ਦੀ ਮਦਦ ਨਾਲ 90 ਦੌੜਾਂ ਬਣਾਇਆ। ਉਥੇ ਹੀ ਓਪਰਨ ਬੱਲੇਬਾਜ਼ ਸ਼ਿਖਰ ਧਵਨ ਨੇ 86 ਗੇਂਦਾਂ 'ਤੇ 74 ਦੌੜਾਂ ਬਣਾਈਆਂ। ਧਵਨ ਦੀ ਪਾਰੀ ਵਿੱਚ 10 ਚੌਕੇ ਸ਼ਾਮਲ ਹਨ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਕਪਤਾਨ ਐਰੋਨ ਫਿੰਚ ਅਤੇ ਸਟੀਵ ਸਮਿਥ ਦੇ ਸੈਂਕੜੇ ਲਗਾ ਕੇ ਭਾਰਤ ਖਿਲਾਫ ਵਨਡੇ ਮੈਚਾਂ ਵਿੱਚ ਇੱਕ ਵੱਡਾ ਸਕੋਰ ਖੜਾ ਕਰ ਦਿੱਤਾ। ਫਿੰਚ ਅਤੇ ਸਮਿਥ ਤੋਂ ਇਲਾਵਾ ਡੇਵਿਡ ਵਾਰਨਰ ਨੇ ਵੀ ਸ਼ਾਨਦਾਰ ਪਾਰੀ ਖੇਡਦਿਆਂ ਅਰਧ ਸੈਂਕੜਾ ਲਗਾਇਆ। ਵਾਰਨਰ ਨੇ 76 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ ਜਦੋਂਕਿ ਫਿੰਚ ਨੇ 124 ਗੇਂਦਾਂ ਦਾ ਸਾਹਮਣਾ ਕਰਦੇ ਹੋਏ 114 ਦੌੜਾਂ ਬਣਾਈਆਂ। ਉਸਨੇ ਆਪਣੀ ਪਾਰੀ ਵਿੱਚ 9 ਚੌਕੇ ਅਤੇ ਦੋ ਛੱਕੇ ਵੀ ਮਾਰੇ।
ਸਮਿਥ ਨੇ 66 ਗੇਂਦਾਂ 'ਤੇ 11 ਚੌਕੇ ਅਤੇ 6 ਛੱਕੇ ਮਾਰਦੇ ਹੋਏ 105 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਗਲੇਨ ਮੈਕਸਵੈਲ ਨੇ 19 ਗੇਂਦਾਂ ਵਿੱਚ 45 ਦੌੜਾਂ ਬਣਾਈਆਂ।
ਭਾਰਤ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਮੁਹੰਮਦ ਸ਼ਮੀ ਨੇ ਤਿੰਨ ਤੇ ਬੁਮਰਾਹ, ਚਾਹਲ ਤੇ ਸੈਣੀ ਨੇ ਇੱਕ-ਇੱਕ ਵਿਕਟ ਲਈ।