ਨਵੀਂ ਦਿੱਲੀ: ਯੁਵਰਾਜ ਸਿੰਘ ਰਿਟਾਇਰਮੈਂਟ ਤੋਂ ਵਾਪਸੀ ਕਰ ਘਰੇਲੂ ਕ੍ਰਿਕਟ 'ਚ ਪੰਜਾਬ ਲਈ ਖੇਡ ਸਕਦੇ ਹਨ ਅਤੇ ਇਸ ਦੀ ਪੁਸ਼ਟੀ ਵੀਰਵਾਰ ਨੂੰ ਹੋ ਸਕਦੀ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਸਕੱਤਰ ਪੁਨੀਤ ਬਾਲੀ ਨੇ ਇਹ ਜਾਣਕਾਰੀ ਦਿੱਤੀ ਹੈ।
ਪਿਛਲੇ ਸਾਲ ਜੂਨ ਵਿੱਚ ਯੁਵਰਾਜ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਆਖਰੀ ਵਾਰ 2017 ਵਿਚ ਭਾਰਤ ਆਇਆ ਸੀ। ਪਿਛਲੇ ਮਹੀਨੇ, ਬਾਲੀ ਨੇ ਉਸ ਨੂੰ ਰਿਟਾਇਰਮੈਂਟ ਵਾਪਸ ਲੈਣ ਲਈ ਕਿਹਾ ਸੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਲਾਹ ਦੇਣ ਦੀ ਗੱਲ ਆਖੀ ਸੀ। ਖੱਬੇ ਹੱਥ ਦੇ ਬੱਲੇਬਾਜ਼ ਨੇ ਵੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ।
ਬਾਲੀ ਨੇ ਬੁੱਧਵਾਰ ਸ਼ਾਮ ਨੂੰ ਇਕ ਮੀਡੀਆ ਹਾਊਸ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਨੂੰ ਅਜੇ ਤੱਕ ਕਿਸੇ ਵੀ ਤਰ੍ਹਾ ਨਾਲ ਅਧਿਕਾਰਤ ਪੁਸ਼ਟੀ ਨਹੀਂ ਮਿਲੀ ਹੈ। ਮੈਂ ਹੀ ਸੀ ਜਿਸ ਨੇ ਉਸ ਨੂੰ ਰਿਟਾਇਰਮੈਂਟ ਵਾਪਸ ਲੈਣ ਦੀ ਅਪੀਲ ਕੀਤੀ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਉਹ ਨੌਜਵਾਨ ਖਿਡਾਰੀਆਂ ਦਾ ਸਲਾਹਕਾਰ ਬਣੇ। ਮੈਨੂੰ ਵੀਰਵਾਰ ਤੱਕ ਅਧਿਕਾਰਤ ਪੁਸ਼ਟੀ ਮਿਲ ਸਕਦੀ ਹੈ।"
ਜੇ ਯੁਵਰਾਜ ਵਾਪਸੀ ਕਰਦਾ ਹੈ, ਤਾਂ ਉਹ ਸ਼ਾਇਦ ਪੰਜਾਬ ਲਈ ਸਿਰਫ ਟੀ -20 ਫਾਰਮੈਟ ਹੀ ਖੇਡੇਗਾ। ਉਹ ਮੁਹਾਲੀ ਦੇ ਪੀਸੀਏ ਸਟੇਡੀਅਮ ਵਿਚ ਪੰਜਾਬ ਦੇ ਨੌਜਵਾਨ ਖਿਡਾਰੀਆਂ ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ ਅਤੇ ਅਨਮੋਲਪ੍ਰੀਤ ਸਿੰਘ ਨਾਲ ਕੰਮ ਕਰ ਰਿਹਾ ਹੈ।
ਉਸ ਨੇ ਪੰਜਾਬ ਦੇ ਆਫ-ਸੀਜ਼ਨ ਕੈਂਪ ਵਿਚ ਕੁਝ ਅਭਿਆਸ ਮੈਚ ਵੀ ਖੇਡੇ ਅਤੇ ਇਹ ਉਹ ਸਮਾਂ ਸੀ ਜਦੋਂ ਬਾਲੀ ਨੇ ਉਸ ਨੂੰ ਵਾਪਸੀ ਦੀ ਅਪੀਲ ਕੀਤੀ ਸੀ। ਦੱਸ ਦਈਏ ਕਿ ਯੁਵਰਾਜ ਨੇ ਭਾਰਤ ਲਈ 304 ਵਨਡੇ, 40 ਟੈਸਟ ਅਤੇ 58 ਟੀ-20 ਮੈਚ ਖੇਡੇ ਹਨ।