ਹੈਦਰਾਬਾਦ: ਇੰਗਲੈਂਡ ਦੇ ਓਵਲ ਮੈਦਾਨ 'ਚ ਖੇਡੇ ਗਏ ਵਿਸ਼ਵ ਕੱਪ 2019 ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੇ ਦੱਖਣੀ ਅਫ਼ਰੀਕਾ ਨੂੰ 104 ਦੌੜਾਂ ਨਾਲ ਹਰਾ ਦਿੱਤਾ ਹੈ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤੀ ਸੀ ਅਤੇ ਕਪਤਾਨ ਫਾਫ ਡੂ ਪਲੇਸਿਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ।
ਇੰਗਲੈਂਡ ਵੱਲੋਂ ਜੈਸਨ ਰਾਏ ਅਤੇ ਜਾਨੀ ਬੈਰਿਸਟੋ ਪਹਿਲਾਂ ਬੱਲੇਬਾਜ਼ੀ ਕਰਨ ਆਏ। ਰਾਏ ਨੇ 54 ਦੌੜਾਂ ਬਣਾਈਆਂ, ਪਰ ਜਾਨੀ ਕੁੱਝ ਖ਼ਾਸ ਨਹੀਂ ਕਰ ਸਕੇ। ਜੋਅ ਰੂਟ ਅਤੇ ਇਓਨ ਮਾਰਗਨ ਨੇ ਦੋਵਾਂ ਨੇ ਅਰਧ ਸੈਂਕੜੇ ਲਾਉਂਦਿਆਂ ਕ੍ਰਮਵਾਰ ਟੀਮ ਦੇ ਖ਼ਾਤੇ ਵਿੱਚ 51 ਅਤੇ 57 ਦੌੜਾਂ ਪਾਈਆਂ।
ਇਸ ਤੋਂ ਬਾਅਦ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਬੈੱਨ ਸਟਾਕ ਨੇ 79 ਗੇਂਦਾਂ ਵਿੱਚ 89 ਦੌੜਾਂ ਬਣਾਈਆਂ ਅਤੇ ਟੀਮ ਦੇ ਸਕੋਰ ਨੂੰ 8ਵੀਂ ਵਿਕਟ ਤੱਕ ਖੇਡਦੇ ਹੋਏ 300 ਦੌੜਾਂ ਤੱਕ ਪਹੁੰਚਾਇਆ। ਇੰਗਲੈਂਡ ਨੇ 50 ਓਵਰਾਂ ਤੱਕ ਖੇਡਦੇ ਹੋਏ ਦੱਖਣੀ ਅਫ਼ਰੀਕਾ ਨੂੰ 311 ਦੌੜਾਂ ਦਾ ਟੀਚਾ ਦਿੱਤਾ।
ਦੱਖਣੀ ਅਫ਼ਰੀਕਾ ਲਈ ਕਵਿੰਟਨ ਡੀ ਕਾਕ ਨੇ ਸਭ ਤੋਂ ਜ਼ਿਆਦਾ 68 ਦੌੜਾਂ ਬਣਾਈਆਂ ਜਿਸ ਵਿੱਚ 6 ਚੌਕੇ ਅਤੇ 2 ਛੱਕੇ ਲਗਾਏ। ਇਸ ਤੋਂ ਇਲਾਵਾ ਰਾਸੀ ਵਾਨ ਡੁਸੇਨ ਨੇ 61 ਗੇਂਦਾਂ 'ਤੇ ਚਾਰ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 50 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਦੀ ਟੀਮ 39.5 ਓਵਰਾਂ 'ਚ 207 ਦੌੜਾਂ ਤੇ ਹੀ ਢੇਰ ਹੋ ਗਈ ਅਤੇ ਮੈਚ ਹਾਰ ਗਈ।