ਨਵੀਂ ਦਿੱਲੀ : ਸਾਲ 2011 'ਚ ਭਾਰਤ ਨੇ ਜਿਸ ਕਪਤਾਨ ਦੀ ਅਗੁਵਾਈ ਵਿੱਚ ਵਿਸ਼ਵ ਕੱਪ ਜਿੱਤਿਆ ਸੀ ਅੱਜ ਉਸ ਦਾ ਜਨਮ ਦਿਨ ਹੈ। ਕੈਪਟਨ ਕੂਲ ਦੇ ਨਾਂਅ ਨਾਲ ਜਾਣੇ ਜਾਂਦੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਕਪਤਾਨੀ ਨਾਲ ਇੱਕ ਤੋਂ ਬਾਅਦ ਇੱਕ ਭਾਰਤ ਨੂੰ ਕਈ ਟੂਰਨਾਮੈਂਟ ਜਿਤਾਏ।
ਸ਼ੁਰੂਆਤੀ ਦੌਰ 'ਚ ਧੋਨੀ ਨੇ ਆਪਣਾ ਕਰੀਅਰ ਧਾਕੜ ਬੱਲੇਬਾਜ਼ੀ ਨਾਲ ਸ਼ੁਰੂ ਕੀਤਾ ਪਰ ਜਿਵੇਂ ਹੀ ਸੌਰਵ ਗਾਂਗੁਲੀ ਨੇ ਧੋਨੀ ਦੀ ਸਮਰੱਥਾ ਨੂੰ ਦੇਖਦੇ ਹੋਏ ਉਸ ਨੂੰ ਕਪਤਾਨੀ ਸੌਂਪੀ ਓਵੇਂ ਹੀ ਧੋਨੀ ਦੇ ਬੱਲੇਬਾਜੀ ਅੰਦਾਜ਼ ਵਿੱਚ ਵੀ ਫ਼ਰਕ ਆਇਆ ਅਤੇ ਉਹ ਟਿਕ ਕੇ ਮੈਚ ਜਿਤਾਉ ਪਾਰੀਆਂ ਖੇਡਣ ਲੱਗੇ।
2011 ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ 275 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ ਪਹਿਲੀਆਂ ਦੋ ਵਿਕਟਾਂ ਬੜੀ ਜਲਦੀ ਗਵਾ ਦਿੱਤੀਆਂ ਸਨ ਅਤੇ ਦਰਸ਼ਕਾਂ ਨੂੰ ਲੱਗਣ ਲੱਗਾ ਕਿ 28 ਸਾਲ ਬਾਅਦ ਵੀ ਭਾਰਤ ਦਾ ਦੁਬਾਰਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਜਾਵੇਗਾ। ਪਰ ਤੀਜੀ ਵਿਕਟ ਲਈ ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਪਾਰੀ ਨੂੰ ਅੱਗੇ ਲੈ ਕੇ ਗਏ ਅਤੇ ਮੈਚ ਵਿੱਚ ਕੁੱਝ ਵਾਪਸੀ ਕੀਤੀ।
ਵਿਰਾਟ ਕੋਹਲੀ ਦੀ ਵਿਕਟ ਡਿੱਗਣ ਤੋਂ ਬਾਅਦ ਸਾਰੇ ਦਰਸ਼ਕਾਂ ਨੂੰ ਉਮੀਦ ਸੀ ਕਿ ਪੁਰੀ ਫਾਰਮ ਵਿੱਚ ਚੱਲ ਰਹੇ ਯੁਵਰਾਜ ਸਿੰਘ ਹੁਣ ਬੱਲੇਬਾਜ਼ੀ ਕਰਨ ਆਉਣਗੇ ਪਰ ਚੌਥੇ ਨੰਬਰ 'ਤੇ ਆ ਕੇ ਧੋਨੀ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਕ ਵਾਰ ਸਭ ਨੂੰ ਲੱਗਿਆ ਕਿ ਧੋਨੀ ਨੇ ਗ਼ਲਤ ਫ਼ੈਸਲਾ ਕੀਤਾ ਹੈ ਕਿਉਂਕਿ ਯੁਵਰਾਜ ਸਿੰਘ ਪੁਰੀ ਫਾਰਮ ਵਿਚ ਸੀ ਅਤੇ ਟੂਰਨਾਮੈਂਟ ਵਿਚ ਕਈ ਮੈਚ ਭਾਰਤ ਨੂੰ ਜਿਤਾ ਚੁੱਕੇ ਸਨ ਪਰ ਧੋਨੀ ਨੇ ਆਪਣੇ ਇਸ ਫ਼ੈਸਲੇ ਨੂੰ ਸਹੀ ਸਾਬਿਤ ਕੀਤਾ ਅਤੇ 91 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿੱਚ ਗੌਤਮ ਗੰਭੀਰ ਨੇ ਵੀ 97 ਦੌੜਾਂ ਬਣਾਈਆਂ। ਧੋਨੀ ਨੇ ਛੱਕਾ ਮਾਰ ਕੇ ਇਸ ਮੈਚ ਨੂੰ ਅਤੇ ਵਿਸ਼ਵ ਕੱਪ ਨੂੰ ਭਾਰਤ ਦੀ ਝੋਲੀ ਪਾਇਆ ਸੀ।
ਇਹ ਵੀ ਪੜ੍ਹੋ : ਰੋਹਿਤ ਤੇ ਰਾਹੁਲ ਨੇ ਜੜੇ ਸੈਂਕੜੇ, ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ
ਸਨਿੱਚਰਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਚੱਲ ਰਹੇ ਮੈਚ ਵਿੱਚ ਵਰਿੰਦਰ ਸਹਿਵਾਗ ਨੇ ਕਮੈਂਟਰੀ ਕਰਦੇ ਹੋਏ ਖੁਲਾਸਾ ਕੀਤਾ ਕਿ 2011 ਵਿਸ਼ਵ ਕੱਪ ਫਾਈਨਲ ਮੁਕਾਬਲੇ ਵਿੱਚ ਧੋਨੀ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਸੁਝਾਅ ਸਚਿਨ ਤੇਂਦੂਲਕਰ ਨੇ ਦਿੱਤਾ ਸੀ। ਤੇਂਦੁਲਕਰ ਨੇ ਉਸ ਨੂੰ ਕਿਹਾ ਸੀ ਕਿ ਜੇ ਖੱਬੇ ਹੱਥ ਦਾ ਬੱਲੇਬਾਜ਼ ਆਉਟ ਹੁੰਦਾ ਹੈ ਤਾਂ ਖੱਬੇ ਹੱਥ ਦਾ ਬੱਲੇਬਾਜ਼ ਜਾਵੇ ਅਤੇ ਜੇਕਰ ਸੱਜੇ ਹੱਥ ਦਾ ਬੱਲੇਬਾਜ਼ ਆਉਟ ਹੁੰਦਾ ਹੈ ਤਾਂ ਸੱਜੇ ਹੱਥ ਬੱਲੇਬਾਜ਼ ਬੱਲੇਬਾਜ਼ੀ ਕਰਨ ਜਾਵੇ।