ਹੈਦਰਾਬਾਦ : ਮਹਿਮਾਨ ਬੰਗਲਾਦੇਸ਼ ਨੇ ਭਾਰਤ ਦੌਰੇ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਸੀ, ਪਰ ਅਗਲੇ ਦੋ ਮੈਚਾਂ ਵਿੱਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਡੇ ਕੋਲ ਵੱਡੇ ਸ਼ਾਟ ਲਾਉਣ ਵਾਲੇ ਬੱਲੇਬਾਜ਼ ਨਹੀਂ
ਬੰਗਲਾਦੇਸ਼ ਦੇ ਟੀ20 ਦੇ ਕਪਤਾਨ ਮਹਿਮਦੁੱਲਾਹ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਟੀ20 ਕ੍ਰਿਕਟ ਵਿੱਚ ਅਸੀਂ ਲੰਬਾ ਰਸਤਾ ਤੈਅ ਕਰਨਾ ਹੈ, ਸਾਡੇ ਕੋਲ ਵੱਡੇ ਸ਼ਾਟ ਲਾਉਣ ਵਾਲੇ ਬੱਲੇਬਾਜ਼ ਨਹੀਂ ਹਨ। ਸਾਨੂੰ ਆਪਣੇ ਹੁਨਰ ਉੱਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਲਈ ਅਸੀਂ ਖੇਡ ਦੀ ਆਪਣੀ ਸਮਝ ਉੱਤੇ ਕੰਮ ਕਰ ਰਹੇ ਹਾਂ।
ਅਸੀਂ ਸੁਧਾਰ ਕਰ ਸਕਦੇ ਹਾਂ
ਉਨ੍ਹਾਂ ਕਿਹਾ ਕਿ ਇੱਕ ਬੱਲੇਬਾਜ਼ੀ ਇਕਾਈ ਦੇ ਤੌਰ ਉੱਤੇ ਜੇ ਅਸੀਂ ਸੁਧਾਰ ਕਰ ਸਕਦੇ ਹਾਂ ਤਾਂ ਸਾਡੀ ਜਿੱਤ ਦੀ ਸੰਭਾਵਨਾ ਜ਼ਿਆਦਾ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਇੱਕ ਸਮੇਂ ਬੰਗਲਾਦੇਸ਼ ਦੀ ਟੀਮ ਜਿੱਤ ਦੇ ਕਾਫ਼ੀ ਨੇੜੇ ਸੀ। ਉਸ ਨੂੰ 30 ਗੇਂਦਾਂ ਵਿੱਚ ਸਿਰਫ਼ 50 ਦੌੜਾਂ ਚਾਹੀਦੀਆਂ ਸਨ, ਪਰ ਲਗਾਤਾਰ ਵਿਕਟਾਂ ਡਿੱਗਣ ਕਾਰਨ ਬੰਗਲਾਦੇਸ਼ ਦੀ ਟੀਮ ਨੂੰ 30 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਮਹਿਮਦੁੱਲਾਹ ਨੇ ਕਿਹਾ ਕਿ ਅਸੀਂ ਹੁਣੇ ਵਿੱਚ ਕੁੱਝ ਮੈਚਾਂ ਵਿੱਚ ਇੱਕ ਵਰਗੀ ਗ਼ਲਤੀਆਂ ਕੀਤੀਆਂ ਹਨ। ਮੇਰਾ ਮੰਨਣਾ ਹੈ ਕਿ ਵੱਡੀਆਂ ਟੀਮਾਂ ਇਸ ਮਾਮਲੇ ਵਿੱਚ ਕਾਫ਼ੀ ਵਧੀਆ ਹਨ ਅਤੇ ਉਹ ਇਸ ਤਰ੍ਹਾਂ ਟੀਚੇ ਨੂੰ ਹਾਸਲ ਕਰ ਸਕਦੀਆਂ ਹਨ। ਵਿਕਟਾਂ ਟੀਚੇ ਦਾ ਪਿੱਛਾ ਕਰਨਾ ਵਧੀਆ ਸੀ, ਅਸੀਂ ਮੈਚ ਦਾ ਵਧੀਆ ਅੰਤ ਨਹੀਂ ਕੀਤਾ।
ਇਹ ਮੈਚ ਦਾ ਮਹੱਤਵਪੂਰਨ ਮੋੜ ਸੀ
ਮਹਿਮਦੁੱਲਾਹ ਨੇ ਕਿਹਾ ਕਿ ਜੇ ਤੁਸੀਂ ਇੰਨ੍ਹਾਂ 3 ਮੈਚਾਂ ਦਾ ਵਿਸ਼ਲੇਸ਼ਣ ਕਰੋ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਵਧੀਆ ਕ੍ਰਿਕਟ ਖੇਡੀ, ਪਰ ਟੀ20 ਅਜਿਹਾ ਫ਼ਾਰਮੈਟ ਹੈ ਕਿ ਜੇ ਤੁਸੀ ਆਪਣੀ ਲੈਅ ਗੁਆ ਲੈਂਦੇ ਹੋ ਤਾਂ ਵਾਪਸੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅਸੀਂ 6 ਜਾਂ 7 ਗੇਂਦਾਂ ਦੇ ਅੰਦਰ 3-4 ਵਿਕਟਾਂ ਗੁਆ ਦਿੱਤਾ। ਇਹ ਮੈਚ ਦਾ ਮਹੱਤਵਪੂਰਨ ਮੋੜ ਸੀ।
ਉਨ੍ਹਾਂ ਨੇ ਕਿਹਾ ਕਿ ਮੈਂ ਮੁਸ਼ਫਿਕੁਰ ਰਹੀਮ ਨੂੰ ਦੋਸ਼ ਨਹੀਂ ਦੇ ਸਕਦਾ। ਉਨ੍ਹਾਂ ਨੇ ਸਾਡੇ ਲਈ ਦਿੱਲੀ ਵਿੱਚ ਮੈਚ ਜਿੱਤਿਆ ਸੀ। ਇਸ ਲਈ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਨਾਕਾਮ ਰਹੇ। ਹਾਂ, ਜੇ ਤੁਸੀਂ ਅੱਜ ਦੇ ਮੈਚ ਦੀ ਗੱਲ ਕਰੋਂ ਤਾਂ ਅਸੀਂ ਅਸਫ਼ਲ ਰਹੇ ਹਾਂ। ਇਸ ਮੈਚ ਬਾਰੇ ਮੈਂ ਸਹਿਮਤ ਹਾਂ।