ਮੈਲਬੋਰਨ: ਆਸਟ੍ਰੇਲੀਆ ਦੀ ਸੀਮਿਤ ਓਵਰਾਂ ਦੀ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਪੂਰੀ ਦੁਨੀਆਂ ਵਿੱਚ ਕਿਸੇ ਵੀ ਸਥਿਤੀ ਵਿੱਚ ਬੇਹਤਰੀਨ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਇਹੀ ਗੱਲ ਉਨ੍ਹਾਂ ਨੂੰ ਬਾਕੀ ਦੇ ਬੱਲੇਬਾਜ਼ਾਂ ਤੋਂ ਵੱਖ ਕਰਦੀ ਹੈ।
ਫਿੰਚ ਨੇ ਸਪੋਰਟਸ ਤੱਕ ਨੂੰ ਦਿੱਤੇ ਗਈ ਇੰਟਰਵਿਊ ਵਿੱਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟੈਸਟ ਕ੍ਰਿਕਟ ਵਿੱਚ ਵਿਰਾਟ ਅਤੇ ਸਮਿਥ ਦਾ ਰਿਕਾਰਡ ਘਰੇਲੂ ਅਤੇ ਬਾਹਰ ਦੋਵੇਂ ਥਾਵਾਂ ਉੱਤੇ ਸ਼ਾਨਦਾਰ ਹੈ। ਕੁੱਝ ਸਾਲ ਪਹਿਲਾਂ ਵਿਰਾਟ ਨੂੰ ਇੰਗਲੈਂਡ ਵਿੱਚ ਜੇਮਸ ਐਂਡਰਸਨ ਦੇ ਸਾਹਮਣੇ ਪ੍ਰੇਸ਼ਾਨੀ ਹੋਈ ਸੀ, ਪਰ 2018 ਵਿੱਚ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਲੜੀ ਵਿੱਚ ਆਪਣਾ ਦਬਦਬਾ ਦਿਖਾਇਆ।
ਉਨ੍ਹਾਂ ਨੇ ਕਿਹਾ ਕਿ ਈਮਾਨਦਾਰੀ ਨਾਲ ਕਹਾਂ ਤਾਂ ਸਮਿਥ ਨੇ ਹਾਲੇ ਤੱਕ ਕੋਈ ਵੀ ਸੰਘਰਸ਼ ਨਹੀਂ ਕੀਤਾ ਹੈ। ਉਹ ਬਿਹਤਰੀਨ ਟੈਸਟ ਖਿਡਾਰੀ ਹਨ। ਇੱਕ ਜੋ ਚੀਜ਼ ਹੈ, ਇੰਨ੍ਹਾਂ ਦੋਵਾਂ ਖਿਡਾਰੀਆਂ ਵਿੱਚ ਜੋ ਉਨ੍ਹਾਂ ਨੂੰ ਬਾਕੀ ਦੇ ਖਿਡਾਰੀਆਂ ਤੋਂ ਅਲੱਗ ਕਰਦੀ ਹੈ, ਕਿ ਉਹ ਦੋਵੇਂ ਪੂਰੀ ਦੁਨੀਆਂ ਵਿੱਚ ਆਪਣਾ ਦਬਦਬਾ ਦਿਖਾਉਂਦੇ ਹਨ।
ਉਨ੍ਹਾਂ ਨੇ ਕਿਹਾ ਆਪਣੇ ਦੇਸ਼ ਵਿੱਚ ਦਬਦਬਾ ਦਿਖਾਉਣਾ ਅਲੱਗ ਗੱਲ ਹੈ, ਕਿਉਂਕਿ ਘਰੇਲੂ ਪਿੱਚਾਂ ਉੱਤੇ ਤੁਸੀਂ ਸਹਿਜ ਵਿੱਚ ਹੁੰਦੇ ਹੋ। ਪੂਰੀ ਦੁਨੀਆਂ ਵਿੱਚ ਅਜਿਹਾ ਪ੍ਰਦਰਸ਼ਨ ਕਰਨਾ ਬੇਹੱਦ ਸ਼ਾਨਦਾਰ ਹੈ। ਕਈ ਵਾਰ ਉਹ ਜਲਦੀ ਆਉਟ ਹੋ ਜਾਂਦੇ ਹਨ, ਪਰ ਇਹ ਕ੍ਰਿਕਟ ਹੈ, ਪਰ ਅਜਿਹਾ ਬਹੁਤ ਘੱਟ ਹੁੰਦਾ ਹੈ। ਜਦੋਂ ਉਹ ਖੇਡਦੇ ਹਨ ਤਾਂ ਲੰਬਾ ਖੇਡਦੇ ਹਨ।