ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿ੍ਕੇਟ ਖਿਡਾਰੀ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਭੂਆ ਘਰ ਹੋਏ ਹਮਲੇ ਦੀ ਸਖ਼ਤੀ ਨਾਲ ਜਾਂਚ ਕੀਤੀ ਜਾਵੇ।
ਰੈਨਾ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਨੂੰ ਹਲੇ ਤੱਕ ਨਹੀਂ ਪਤਾ ਲੱਗ ਪਾਇਆ ਹੈ ਕਿ ਉਸ ਰਾਤ ਉਸ ਦੀ ਭੂਆ ਘਰ ਕੀ ਹੋਇਆ ਸੀ ਤੇ ਇਹ ਸਭ ਕਿਸ ਨੇ ਕੀਤਾ ਹੈ। ਰੈਨਾ ਨੇ ਬੇਨਤੀ ਕਰਦੇ ਹੋਏ ਮੁੱਖ ਮੰਤਰੀ ਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ 'ਤੇ ਜਾਂਚ ਕਰਨ ਦੀ ਮੰਗ ਕੀਤੀ ਹੈ। ਰੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਅਧਿਕਾਰ ਹੈ ਕਿ ਉਹ ਇਹ ਜਾਣ ਸਕਣ ਕਿ ਇਨ੍ਹੀ ਸ਼ਰਮਨਾਕ ਹਰਕਤ ਕਿਸ ਨੇ ਅਤੇ ਕਿਉਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।
ਇਸ ਤੋਂ ਪਹਿਲਾ ਇੱਕ ਹੋਰ ਟਵੀਟ 'ਚ ਰੈਨਾ ਨੇ ਕਿਹਾ, "ਪੰਜਾਬ ਵਿੱਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਭਿਆਨਕ ਸੀ। ਮੇਰੇ ਅੰਕਲ ਦੀ ਮੌਤ ਹੋ ਚੁੱਕੀ ਹੈ। ਮੇਰੀ ਭੂਆ ਤੇ 2 ਕਜ਼ਨਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਬਦਕਿਸਮਤੀ ਨਾਲ ਮੇਰੇ ਕਜ਼ਨ ਨੇ ਵੀ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਸੰਸਾਰ ਨੂੰ ਅਲਵਿਦਾ ਕਹਿ ਦਿੱਤੀ। ਮੇਰੀ ਭੂਆ ਅਜੇ ਵੀ ਗੰਭੀਰ ਸਥਿਤੀ ਵਿੱਚ ਹਨ ਤੇ ਉਹ ਵੈਂਟੀਲੇਟਰ 'ਤੇ ਹਨ।
ਕੀ ਹੈ ਮਾਮਲਾ...
ਦੱਸ ਦਈਏ ਕਿ 19 ਅਗਸਤ ਨੂੰ ਪਠਾਨਕੋਟ ਪਿੰਡ ਥਰਿਆਲ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੂਆ ਦੇ ਘਰ ‘ਤੇ ਕਾਤਿਲਾਨਾ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਸੁਰੇਸ਼ ਰੈਨਾ ਦੇ ਅੰਕਲ ਦੀ ਮੌਤ ਹੋ ਗਈ, ਜਦੋਂਕਿ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਸੁਰੇਸ਼ ਰੈਨਾ ਚੇਨਈ ਸੁਪਰ ਕਿੰਗਜ਼ ਵੱਲੋਂ ਆਈਪੀਐਲ ਮੈਚ ਖੇਡਣ ਲ਼ਈ ਦੁਬਈ ਗਏ ਸਨ। ਪਰ ਇਸ ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਉਹ ਭਾਰਤ ਪਰਤ ਆਏ ਸਨ।