ਕੇਪਟਾਉਨ: ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਨਿਊਲੈਂਡਜ਼ ਵਿਖੇ ਸੋਮਵਾਰ ਨੂੰ ਹੋਣ ਵਾਲਾ ਦੂਜਾ ਵਨਡੇ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਲਿਆ ਹੈ। ਦੋਵੇਂ ਬੋਰਡ ਇਸ ਸਮੇਂ ਇੰਗਲੈਂਡ ਵੱਲੋਂ ਹੋਣ ਵਾਲੇ ਦੋ ਸੰਭਾਵਿਤ ਕੋਵਿਡ-19 ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ।
ਬੋਰਡ ਨੇ ਇੱਕ ਬਿਆਨ 'ਚ ਕਿਹਾ, " ਇੱਕ ਵਾਰ ਰਿਵਯੂ ਨਤੀਜੇ ਆ ਜਾਣ ਤਾਂ ਇਸ ਤੋਂ ਬਾਅਦ ਸੀਐਸਏ ਤੇ ਈਸੀਬੀ ਨਾਲ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ ਵਨਡੇ ਸੀਰੀਜ਼ ਦੇ ਬਾਕੀ ਮੈਚਾਂ ਬਾਰੇ ਚਰਚਾ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਵੀ ਬੋਲੈਂਡ ਪਾਰਕ ਮੈਦਾਨ 'ਚ ਖੇਡਿਆ ਜਾਣ ਵਾਲਾ ਪਹਿਲਾ ਵਨਡੇ ਮੈਚ ਰੱਦ ਕਰ ਦਿੱਤਾ ਗਿਆ ਸੀ। ਇੰਗਲੈਂਡ ਦੀ ਟੀਮ ਜਿਸ ਹੋਟਲ 'ਚ ਰੁੱਕੀ ਸੀ, ਉਸ ਹੋਟਲ ਸਟਾਫ ਦੇ ਦੋ ਮੈਂਬਰ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਸ ਤੋਂ ਬਾਅਦ ਇੰਗਲੈਂਡ ਦੇ ਖਿਡਾਰੀ ਤੇ ਪ੍ਰਬੰਧਨ ਨੇ ਸ਼ਨੀਵਾਰ ਸ਼ਾਮ ਨੂੰ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਇਆ ਸੀ।
ਤਿੰਨ ਮੈਚਾਂ ਦੀ ਵਨਡੇ ਸੀਰੀਜ਼ 4 ਨਵੰਬਰ ਤੋਂ ਨਿਊਲੈਂਡਸ ਵਿਖੇ ਸ਼ੁਰੂ ਹੋਣੀ ਸੀ, ਪਰ ਦੱਖਣੀ ਅਫਰੀਕਾ ਟੀਮ ਦਾ ਇੱਕ ਖਿਡਾਰੀ ਕੋਰੋਨਾ ਪੌਜ਼ੀਟਿਵ ਪਾਏ ਜਾਣ ਮਗਰੋਂ ਚਾਰ ਤਰੀਕ ਦਾ ਮੈਚ 6 ਤਰੀਕ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਦੱਖਣੀ ਅਫਰੀਕਾ ਟੀਮ ਦੇ ਖਿਡਾਰੀਆਂ ਦਾ ਸ਼ੁੱਕਰਵਾਰ ਨੂੰ ਕੋਵਿਡ-19 ਟੈਸਟ ਕੀਤਾ ਗਿਆ ਜੋ ਕਿ ਨੈਗੇਟਿਵ ਰਿਹਾ।