ਨਵੀਂ ਦਿੱਲੀ: ਰੋਹਿਤ ਸ਼ਰਮਾ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੇ ਦੂਜੇ ਮੈਚ ਵਿੱਚ 400 ਛੱਕੇ ਲਗਾ ਸਕਦੇ ਹਨ। ਇਸ ਨਾਲ ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ 400 ਛੱਕੇ ਲਗਾਉਣ ਵਾਲਾ ਵਿਸ਼ਵ ਦਾ ਤੀਜਾ ਅਜਿਹਾ ਬੱਲੇਬਾਜ਼ ਬਣ ਜਾਵੇਗਾ। ਰੋਹਿਤ ਤੋਂ ਪਹਿਲਾਂ ਸ਼ਾਹਿਦ ਅਫਰੀਦੀ (476) ਅਤੇ ਕ੍ਰਿਸ ਗੇਲ (534) ਇਸ ਪੜਾਅ 'ਤੇ ਪਹੁੰਚ ਚੁੱਕੇ ਹਨ।
ਦੱਸ ਦਈਏ ਕਿ ਰੋਹਿਤ ਸੀਮਤ ਓਵਰਾਂ ਵਿੱਚ ਭਾਰਤੀ ਟੀਮ ਦਾ ਉਪ-ਕਪਤਾਨ ਵੀ ਹੈ ਅਤੇ ਟੀਮ ਦੇ ਮੁੱਖ ਬੱਲੇਬਾਜ਼ਾਂ ਵਿੱਚ ਵੀ ਗਿਣਿਆ ਜਾਂਦਾ ਹੈ। ਹਾਲਾਂਕਿ ਰੋਹਿਤ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਟੈਸਟ 'ਚ ਸਫ਼ਲ ਨਹੀਂ ਹੋ ਸਕਿਆ, ਪਰ ਟੀਮ ਪ੍ਰਬੰਧਨ ਨੇ ਉਸ ਨੂੰ ਖੇਡ ਦੇ ਲੰਬੇ ਫਾਰਮੈਟ 'ਚ ਸਲਾਮੀ ਬੱਲੇਬਾਜ਼ੀ ਦੇਣ ਦਾ ਫ਼ੈਸਲਾ ਕੀਤਾ, ਜਿਸ 'ਚ ਰੋਹਿਤ ਦਾ ਬੱਲਾ ਜ਼ੋਰਦਾਰ ਚੱਲਿਆ। ਟੈਸਟ ਮੈਚਾਂ ਵਿੱਚ ਬਤੌਰ ਸਲਾਮੀ ਬੱਲੇਬਾਜ਼ ਰੋਹਿਤ ਨੇ ਆਪਣੀ ਪਹਿਲੀ ਲੜੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਚਾਰ ਪਾਰੀਆਂ ਵਿੱਚ 529 ਦੌੜਾਂ ਬਣਾਈਆਂ ਜਿਸ ਵਿੱਚ ਦੋਹਰਾ ਸੈਂਕੜਾ ਸ਼ਾਮਲ ਸੀ।