ਨਵੀਂ ਦਿੱਲੀ: 4 ਟੈਸਟ ਮੈਚਾਂ ਦੀ ਆਗਾਮੀ ਸੀਰੀਜ਼ ਲਈ ਆਸਟ੍ਰੇਲੀਆ ਵਿੱਚ ਮੌਜੂਦ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਮੁਹੰਮਦ ਗੌਸ ਦਾ ਦਿਹਾਂਤ ਹੋ ਗਿਆ ਹੈ। ਗੌਸ 53 ਸਾਲਾਂ ਦੇ ਸਨ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ।
ਕ੍ਰਿਕਟਰ ਵਜੋਂ ਸਿਰਾਜ ਦੀ ਸਫਲਤਾ ਵਿੱਚ ਉਨ੍ਹਾਂ ਦੇ ਪਿਤਾ ਨੇ ਮੁੱਖ ਭੂਮਿਕਾ ਨਿਭਾਈ ਤੇ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਪੁੱਤਰ ਦੀਆਂ ਲਾਲਸਾਵਾਂ ਦਾ ਸਮਰਥਨ ਕੀਤਾ।
ਸਿਰਾਜ ਦੀ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਟਵੀਟ ਕੀਤਾ, “ਮੁਹੰਮਦ ਸਿਰਾਜ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਅਸੀਂ ਦਿਲੋਂ ਪ੍ਰਾਥਨਾ ਕਰਦੇ ਹਾਂ ਤੇ ਅਫਸੋਸ ਪ੍ਰਗਟ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਪਿਤਾ ਨੂੰ ਗੁਆ ਲਿਆ। ਪੂਰਾ ਆਰਸੀਬੀ ਪਰਿਵਾਰ ਇਸ ਮੁਸ਼ਕਲ ਸਮੇਂ 'ਚ ਤੁਹਾਡੇ ਨਾਲ ਹੈ। ਮੀਆਂ, ਮਜਬੂਤ ਬਣੇ ਰਹੇ।"
ਜਾਣਕਾਰੀ ਮੁਤਾਬਕ ਇਕਾਂਤਵਾਸ ਨਾਲ ਜੁੜੇ ਨਿਯਮਾਂ ਦੇ ਚਲਦੇ ਸਿਰਾਜ ਅੰਤਿਮ ਸਸਕਾਰ ਲਈ ਹੈਦਰਾਬਾਦ ਨਹੀਂ ਪਰਤਣਗੇ। ਭਾਰਤੀ ਟੀਮ 13 ਨਵੰਬਰ ਨੂੰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ 14 ਦਿਨਾਂ ਦੇ ਇਕਾਂਤਵਾਸ ਵਿਚੋਂ ਗੁਜ਼ਰ ਰਹੀ ਹੈ।