ਨਵੀਂ ਦਿੱਲੀ: ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਟੈਸਟ ਕ੍ਰਿਕਟ 'ਚ ਵਿਰਾਟ ਕੋਹਲੀ ਨਾਲੋਂ ਹਮਵਤਨ ਸਟੀਵ ਸਮਿਥ ਨੂੰ ਤਰਜੀਹ ਦਿੱਤੀ ਹੈ, ਪਰ ਮੰਨਿਆ ਕਿ ਸੀਮਤ ਓਵਰਾਂ 'ਚ ਭਾਰਤੀ ਕਪਤਾਨ ਦਾ ਕੋਈ ਮੇਲ ਨਹੀਂ ਹੈ।
ਟੈਸਟ ਰੈਂਕਿੰਗ ਵਿਚ ਸਮਿਥ ਅਤੇ ਕੋਹਲੀ ਚੋਟੀ ਦੇ ਦੋ ਬੱਲੇਬਾਜ਼ ਹਨ। ਲਾਬੂਸ਼ੇਨ ਦਾ ਮੰਨਣਾ ਹੈ ਕਿ ਸਮਿਥ ਦੀ ਵੱਖੋ ਵੱਖਰੀਆਂ ਸਥਿਤੀਆਂ ਵਿਚ ਇਕਸਾਰਤਾ ਨਾਲ ਬੱਲੇਬਾਜ਼ੀ ਕਰਨ ਦੀ ਯੋਗਤਾ ਉਨ੍ਹਾਂ ਨੂੰ ਵਖਰਾ ਸਾਬਤ ਕਰਦੀ ਹੈ।
ਇਕ ਅਖਬਾਰ ਨੇ ਲਾਬੂਸ਼ੇਨ ਦੇ ਹਵਾਲੇ ਨਾਲ ਲਿਖਿਆ, "ਮੇਰੇ ਖਿਆਲ ਵਿਚ ਸਮਿਥ ਨੇ ਕਿਹਾ ਹੈ ਕਿ ਉਹ ਟੈਸਟ ਕ੍ਰਿਕਟ ਵਿਚ ਹਰ ਸਥਿਤੀ ਵਿਚ ਕੋਈ ਰਾਹ ਲੱਭ ਸਕਦੇ ਹਨ। ਇਹੀ ਕਾਰਨ ਹੈ ਕਿ ਉਹ ਟੈਸਟ ਵਿਚ ਨੰਬਰ ਇਕ ਖਿਡਾਰੀ ਬਣ ਜਾਂਦੇ ਹਨ।"
ਮਾਰਨਸ ਲਾਬੂਸ਼ੇਨ ਨੇ ਕਿਹਾ ਕਿ ਭਾਰਤ ਹੋਵੇ ਜਾਂ ਇੰਗਲੈਂਡ, ਸਮਿਥ ਹਰ ਜਗ੍ਹਾ ਆਪਣਾ ਰਸਤਾ ਲੱਭ ਲੈਂਦੇ ਹਨ।
ਉਨ੍ਹਾਂ ਕਿਹਾ, "ਉਨ੍ਹਾਂ ਨੇ ਭਾਰਤ ਵਿਚ ਦੌੜਾਂ ਬਣਾਈਆਂ, ਇੰਗਲੈਂਡ ਵਿਚ ਦੌੜਾਂ ਬਣਾਈਆਂ। ਆਸਟਰੇਲੀਆ ਵਿਚ ਉਹ ਇਕਸਾਰਤਾ ਨਾਲ ਦੌੜਾਂ ਬਣਾ ਹੀ ਰਹੇ ਹਨ। ਇਸ ਲਈ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੱਥੇ ਅਤੇ ਕਿਨ੍ਹਾਂ ਹਾਲਤਾਂ ਵਿਚ ਖੇਡ ਰਹੇ ਹਨ, ਉਹ ਦੌੜਾਂ ਬਣਾਉਣ ਦਾ ਤਰੀਕਾ ਲੱਭ ਲੈਂਦੇ ਹਨ। ਵਿਰਾਟ ਨੇ ਵੀ ਅਜਿਹਾ ਹੀ ਕੀਤਾ ਪਰ ਟੈਸਟ ਕ੍ਰਿਕਟ ਵਿਚ ਮੈਂ ਸਮਿਥ ਦੇ ਨਾਲ ਜਾਵਾਂਗਾ।”
ਟੈਸਟ ਕ੍ਰਿਕਟ ਵਿਚ ਵਿਰਾਟ ਦੇ 27 ਸੈਂਕੜੇ ਹਨ ਜਦੋਂ ਕਿ ਸਮਿੱਥ ਦੇ 26 ਸੈਂਕੜੇ ਹਨ। ਇਸ ਲਈ ਸਮਿਥ ਔਸਤ ਦੇ ਮਾਮਲੇ ਵਿੱਚ ਵਿਰਾਟ ਤੋਂ ਅੱਗੇ ਹਨ ਅਤੇ ਉਨ੍ਹਾਂ ਦੀ ਔਸਤ 62.84 ਹੈ।
ਉਨ੍ਹਾਂ ਨੇ ਕਿਹਾ, "ਵਿਰਾਟ ਸੀਮਤ ਓਵਰਾਂ ਦੇ ਕ੍ਰਿਕਟ ਵਿੱਚ ਸ਼ਾਨਦਾਰ ਹਨ। ਜਿਸ ਤਰ੍ਹਾਂ ਉਹ ਪਾਰੀ ਨੂੰ ਖਤਮ ਕਰਦੇ ਹਨ, ਜਿਸ ਤਰ੍ਹਾਂ ਉਹ ਮੈਚ ਨੂੰ ਪੂਰਾ ਕਰਦੇ ਹਨ, ਜਿਸ ਤਰ੍ਹਾਂ ਉਹ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹਨ। ਮੇਰੇ ਖਿਆਲ ਵਿੱਚ ਮੈਂ ਉਸ ਤੋਂ ਬਹੁਤ ਕੁਝ ਸਿੱਖਿਆ ਹੈ।”
ਮਾਰਨਸ ਲਾਬੂਸ਼ੇਨ ਨੂੰ ਇੰਗਲੈਂਡ ਖ਼ਿਲਾਫ਼ ਪ੍ਰਸਤਾਵਿਤ ਵਨਡੇਅ ਸੀਰੀਜ਼ ਲਈ 26 ਮੈਂਬਰੀ ਟੀਮ ਵਿੱਚ ਚੁਣਿਆ ਗਿਆ ਹੈ।