ਸਿਡਨੀ: ਆਸਟਰੇਲੀਆ ਦੇ ਸੱਜੇ ਹੱਥ ਦੇ ਬੱਲੇਬਾਜ਼ ਮਾਰਨਸ ਲਾਬੂਸ਼ੇਨ ਨੇ ਕਿਹਾ ਹੈ ਕਿ ਉਹ ਡੇਵਿਡ ਵਾਰਨਰ ਦੀ ਗ਼ੈਰਹਾਜ਼ਰੀ 'ਚ ਆਪਣੀ ਟੀਮ ਲਈ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਵਾਰਨਰ ਨੂੰ ਦੂਜੇ ਇੱਕ ਦਿਨਾ ਮੈਚ 'ਚ ਸੱਟ ਲੱਗੀ ਸੀ, ਜਿਸ ਕਾਰਨ ਉਹ ਭਾਰਤ ਖਿਲਾਫ਼ ਬਾਕੀ ਸੀਮਤ ਓਵਰਾਂ ਦੇ ਮੈਚਾਂ ਵਿੱਚ ਨਹੀਂ ਖੇਡ ਸਕਣਗੇ।
ਇਸਦਾ ਮਤਲਬ ਹੈ ਕਿ ਵਾਰਨਰ ਬੁੱਧਵਾਰ ਨੂੰ ਹੋਣ ਵਾਲੇ ਤੀਜੇ ਇੱਕ ਦਿਨਾ ਮੈਚ ਅਤੇ ਟੀ -20 ਸੀਰੀਜ਼ ਦੇ ਤਿੰਨ ਮੈਚਾਂ ਵਿੱਚ ਨਹੀਂ ਖੇਡਣਗੇ।
ਲਾਬੂਸ਼ੇਨ ਨੇ ਕਿਹਾ, "ਬੇਸ਼ਕ, ਜੇਕਰ ਮੈਨੂੰ ਸਲਾਮੀ ਬੱਲੇਬਾਜ਼ੀ ਕਰਨ ਲਈ ਕਿਹਾ ਜਾਵੇ ਤਾਂ ਮੈਂ ਇਸ ਨੂੰ ਕਰਨਾ ਪਸੰਦ ਕਰਾਂਗਾ। ਅਸੀਂ ਦੇਖਾਂਗੇ ਕਿ ਸਾਡੀ ਟੀਮ ਅਗਲੇ ਕੁਝ ਮੈਚਾਂ ਵਿੱਚ ਕਿਵੇਂ ਖੇਡਦੀ ਹੈ। ਪਰ ਹਾਂ ਮੈਂ ਇਸਦਾ ਅਨੰਦ ਲਵਾਂਗਾ।"
ਆਸਟਰੇਲੀਆ ਨੇ ਭਾਰਤ ਖਿਲਾਫ਼ ਪਹਿਲੇ ਇੱਕ ਦਿਨਾ ਮੈਚ ਵਿੱਚ 374 ਅਤੇ ਦੂਜੇ ਵਿੱਚ 389 ਦੌੜਾਂ ਬਣਾਈਆਂ ਸਨ।
ਦੂਜੇ ਮੈਚ ਵਿੱਚ ਸਟੀਵ ਸਮਿਥ ਨੇ ਟੀਮ ਲਈ 104 ਦੌੜਾਂ ਬਣਾਈਆਂ। ਲਾਬੂਸ਼ੈਨ ਨੇ 61 ਗੇਂਦਾਂ ਵਿੱਚ 70 ਦੌੜਾਂ ਦਾ ਯੋਗਦਾਨ ਪਾਇਆ।
ਉਨ੍ਹਾਂ ਨੇ ਕਿਹਾ, ਕਿ ਸਟੀਵ ਬੱਲੇਬਾਜ਼ੀ ਕਰ ਰਿਹਾ ਸੀ ਜਦੋਂ ਮੈਂ ਬੱਲੇਬਾਜ਼ੀ ਕਰਨ ਆਇਆ ਸੀ। ਉਸ ਸਮੇਂ ਸਾਂਝੇਦਾਰੀ ਵਧਾਉਣ ਅਤੇ ਉਸ ਨਾਲ ਖੜੇ ਹੋਣ ਦੀ ਗੱਲ ਸੀ। ਜਦੋਂ ਉਹ ਆਊਟ ਹੋ ਗਿਆ ਤਾਂ ਮੈਂ ਅਤੇ ਮੈਕਸਵੈੱਲ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ।"