ਹੈਦਰਾਬਾਦ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਟ੍ਰੇਨਿੰਗ 'ਤੇ ਵਾਪਿਸ ਆਉਣ ਦੀ ਕੋਈ ਜਲਦਬਾਜ਼ੀ ਨਹੀਂ ਹੈ। ਦੱਸ ਦਈਏ ਕਿ ਤਾਲਾਬੰਦੀ ਦੇ ਨਿਯਮਾਂ ਵਿੱਚ ਰਾਹਤ ਦੇਣ ਤੋਂ ਬਾਅਦ ਖੇਡ ਮੰਤਰਾਲੇ ਨੇ ਵੀ ਖਿਡਾਰੀਆਂ ਨੂੰ ਬਾਹਰ ਜਾਣ ਅਤੇ ਸਿਖਲਾਈ ਦੇਣ ਦੀ ਆਗਿਆ ਦੇ ਦਿੱਤੀ ਹੈ। ਇਸ ਦੇ ਚੱਲਦੇ ਬਹੁਤ ਸਾਰੇ ਖਿਡਾਰੀ ਬਾਹਰ ਗਏ ਅਤੇ ਟ੍ਰੇਨਿੰਗ ਸ਼ੁਰੂ ਕੀਤੀ।
ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ ਕਿਹਾ, “ਹਾਲਾਂਕਿ ਸਰਕਾਰ ਨੇ ਖਿਡਾਰੀਆਂ ਨੂੰ ਬਾਹਰ ਜਾਣ ਅਤੇ ਟ੍ਰੇਨਿੰਗ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਭਾਰਤੀ ਕ੍ਰਿਕਟ ਟੀਮ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀਆਂ ਦੀ ਸੁਰੱਖਿਆ ਦਾ ਖਿਆਲ ਰੱਖੇਗੀ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ, ਜਲਦੀਬਾਜ਼ੀ ਵਿੱਚ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਸੱਭ ਕੁੱਝ ਮੁੜ ਸ਼ੁਰੂ ਹੋਣ ਤੋਂ ਪਹਿਲਾਂ, ਇਸ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ ਕਿ ਸੱਭ ਕੁੱਝ ਸੁਰੱਖਿਅਤ ਹੈ।"
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਮੈਂ ਐਕਸ਼ਨ ਤੋਂ ਬਾਹਰ ਹੋ ਗਿਆ ਹਾਂ ਪਰ ਮੈਂ ਆਪਣੇ ਸਾਥੀ ਟੀਮ ਦੇ ਨਾਲ ਸੰਪਰਕ ਵਿੱਚ ਸੀ ਅਤੇ ਅਸੀਂ ਤੰਦਰੁਸਤ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸੀਮਤ ਸਹੂਲਤ ਵਿੱਚ ਜਿੰਨਾ ਕਰ ਸਕਦੇ ਹਾਂ, ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਹੋਰ ਮਜ਼ਬੂਤ ਹੋ ਚੁੱਕੇ ਹਾਂ, ਪਰ ਮੈਦਾਨ 'ਚ ਖੇਡਣ ਲਈ ਹੋਰ ਕਿਸਮ ਦੀ ਫਿਟਨੈਸ ਦੀ ਲੋੜ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝਦੇ ਹਾਂ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਲਈ ਫਿੱਟ ਹੋਣ 'ਚ ਕੁੱਝ ਹਫਤੇ ਜਾਂ ਘੱਟੋ ਘੱਟ 20 ਦਿਨ ਲੱਗਣਗੇ। ਬੀਸੀਸੀਆਈ ਅਤੇ ਐਨਸੀਏ ਸਾਡੇ ਨਾਲ ਜੁੜਿਆ ਹੋਇਆ ਹੈ ਅਤੇ ਹਰ ਹਫ਼ਤੇ ਸਾਡੇ ਨਾਲ ਗੱਲ ਕਰਦਾ ਹੈ। ਉਹ ਜਾਂਚਦੇ ਹਨ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਕਿਵੇਂ ਰਹਿ ਰਹੇ ਹਨ।