ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਸ਼ਨੀਵੀਰ ਨੂੰ ਸਰਕਾਰ ਦੇ ਇਸ ਸਾਲ ਰਿਕਾਰਡ 74 ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰ ਨਾਲ ਸਨਮਾਨਤ ਕਰਨ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ। ਖੇਡ ਮੰਤਰਾਲੇ ਨੇ ਇਸ ਸਾਲ ਦਿੱਗਜ਼ ਬੱਲੇਬਾਜ ਰੋਹਿਤ ਸ਼ਰਮਾ ਅਤੇ ਪਹਿਲਵਾਨ ਵਿਨੇਸ਼ ਫੋਗਾਟ ਸਣੇ ਪੰਜ ਖਿਡਾਰੀਆਂ ਨੂੰ ਖੇਡ ਰਤਨ ਜਦ ਕਿ 27 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦੇਣ ਲਈ ਚੁਣਿਆ।
ਖੇਡ ਮੰਤਰਾਲੇ ਨੇ ਦਰੋਣਾਚਾਰੀਆ ਅਵਾਰਡ ਸਈ 13 ਅਤੇ ਧਿਆਨਚੰਦ ਅਵਾਰਡ ਲਈ 15 ਕੋਚਾਂ ਨੂੰ ਚੁਣਿਆ। ਰਿਜਿਜੂ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਡੇ ਖਿਡਾਰੀਆਂ ਦਾ ਕੌਮਾਂਤਰੀ ਪੱਧਰ 'ਤੇ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ। ਜੇਕਰ ਸਾਡੇ ਖਿਡਾਰੀ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਰਕਾਰ ਉਨ੍ਹਾਂ ਦੀ ਉਪਲੱਬਧੀ ਨੂੰ ਸਨਮਾਨਤ ਨਹੀਂ ਕਰਦੀ ਤਾਂ ਇਸ ਨਾਲ ਉਨ੍ਹਾਂ ਦਾ ਉਤਸ਼ਾਹ ਘੱਟ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਖਿਡਾਰੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਜਿਸ ਕਾਰਨ ਇਸ ਵਾਰ ਅਵਾਰਡ ਜਿੱਤਣ ਵਾਲੇ ਖਿਡਾਰੀਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਸਪੋਰਟਸ ਐਵਾਰਡਜ਼ ਬਾਰੇ ਫੈਸਲਾ ਨਹੀਂ ਲਿਆ ਕਿਉਂਕਿ ਜੇਤੂਆਂ ਦੀ ਚੋਣ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਵਾਲੀ ਸੁਤੰਤਰ ਕਮੇਟੀ ਨੇ ਕੀਤੀ ਸੀ।
ਰਿਜਿਜੂ ਨੇ ਕਿਹਾ ਕਿ 'ਜੇਕਰ ਇਸ ਸਾਲ ਕਿਸੇ ਖਿਡਾਰੀ ਨੂੰ ਖੇਡ ਪੁਰਸਕਾਰ ਲਈ ਨਹੀਂ ਚੁਣਿਆ ਗਿਆ ਤਾਂ ਉਸ ਨੂੰ ਅਗਲੇ ਸਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਮੌਕਿਆਂ 'ਤੇ ਨਿਰਾਸ਼ਾ ਹੋ ਸਕਦੀ ਹੈ ਪਰ ਇਹ ਚਾਰ ਸਾਲਾਂ ਦੇ ਲਗਾਤਾਰ ਪ੍ਰਦਰਸ਼ਨ ਦੇ ਅਧਾਰ 'ਤੇ ਹੁੰਦਾ ਹੈ। ਇਸ ਲਈ ਜੇਕਰ ਕੋਈ ਖਿਡਾਰੀ ਇਸ ਸਾਲ ਅਵਾਰਡ ਤੋਂ ਵਾਂਝੇ ਰਹਿ ਜਾਂਦਾ ਹੈ ਤਾਂ ਉਸਨੂੰ ਅਗਲੇ ਸਾਲ ਅਵਾਰਡ ਦਾ ਦਾਅਵੇਦਾਰ ਬਣਾਇਆ ਜਾਵੇਗਾ।'
ਉਨ੍ਹਾਂ ਕਿਹਾ ਕਿ ਮੰਤਰੀ ਅਵਾਰਡਾਂ ਦਾ ਫ਼ੈਸਲਾ ਨਹੀਂ ਕਰਦੇ, ਬਲਕਿ ਮੰਤਰੀ ਸਿਰਫ਼ ਸਰਕਾਰ ਵੱਲੋਂ ਮਨਜ਼ੂਰੀ ਦਿੰਦਾ ਹੈ। ਤਕਨੀਕੀ ਸਮੀਤੀ ਹੀ ਇਸ ਸਬੰਧੀ ਫ਼ੈਸਲਾ ਕਰਦੀ ਹੈ।