ਨਵੀਂ ਦਿੱਲੀ: ਭਾਰਤ ਅਗਲੇ ਸਾਲ ਆਸਟ੍ਰੇਲੀਆਂ ਦੌਰੇ ਤੋਂ ਵਾਪਸ ਮੁੜਣ ਤੋਂ ਬਾਅਦ ਫ਼ਰਵਰੀ ਵਿੱਚ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਅਤੇ ਆਈਪੀਐੱਲ ਦਾ 14ਵਾਂ ਸੀਜ਼ਨ ਅਪ੍ਰੈਲ-2021 ਤੋਂ ਸ਼ੁਰੂ ਹੋਵੇਗਾ। ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਸੂਬਾ ਕ੍ਰਿਕਟ ਸੰਘਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਗਾਂਗੁਲੀ ਨੇ ਵੀਰਵਾਰ ਨੂੰ ਸੂਬਾ ਸੰਘਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅਗਲੇ ਸਾਲ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨੀ ਸ਼ੁਰੂ ਕਰੇਗਾ ਜਿਸ ਵਿੱਚ ਟੀ-20 ਵਿਸ਼ਵ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ 2023 ਵੀ ਸਾਮਲ ਹੈ।
ਕੋਵਿਡ-19 ਕਾਰਨ ਬੀਸੀਸੀਆਈ ਨੂੰ ਆਈਪੀਐੱਲ-13 ਦੀ ਮੇਜ਼ਬਾਨੀ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕਰਨੀ ਪੈ ਰਹੀ ਹੈ। ਗਾਂਗੁਲੀ ਨੇ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਦੱਸ ਕੇ ਕਾਫ਼ੀ ਖ਼ੁਸ਼ ਹਾਂ ਕਿ ਬੀਸੀਸੀਆਈ ਆਈਪੀਐੱਲ-2020 ਦੀ ਮੇਜ਼ਬਾਨੀ ਯੂਏਈ ਵਿੱਚ 19 ਸਤੰਬਰ ਤੋਂ 10 ਨਵੰਬਰ ਦੇ ਵਿਚਕਾਰ ਕਰ ਰਹੀ ਹੈ। ਆਈਪੀਐੱਲ ਆਰਾਮ ਨਾਲ ਹੋ ਸਕੇਗਾ ਇਸ ਦੇ ਲਈ ਅਸੀਂ ਸਾਰੇ ਜ਼ਰੂਰੀ ਕਦਮ ਚੁੱਕ ਰਹੇ ਹਾਂ।
ਉਨ੍ਹਾਂ ਨੇ ਲਿਖਿਆ ਹੈ ਕਿ ਜਿਥੋਂ ਤੱਕ ਘਰੇਲੂ ਕ੍ਰਿਕਟ ਦੀ ਗੱਲ ਹੈ ਤਾਂ ਇਹ ਸਾਡੇ ਲਈ ਆਫ਼ ਸੀਜ਼ਨ ਹੈ ਅਤੇ ਬੀਸੀਸੀਆਈ ਇਸ ਗੱਲ ਨੂੰ ਲੈ ਕੇ ਪੂਰੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕਿ ਸਥਿਤੀ ਬਿਹਤਰ ਹੋਵੇ ਤਾਂ ਅਸੀਂ ਘਰੇਲੂ ਕ੍ਰਿਕਟ ਸ਼ੁਰੂ ਕਰ ਸਕੀਏ। ਸਾਨੂੰ ਉਮੀਦਾਂ ਹਨ ਕਿ ਅਗਲੇ ਕੁੱਝ ਮਹੀਨਿਆਂ ਵਿੱਚ ਕੋਵਿਡ-19 ਦੀ ਸਥਿਤੀ ਸੁਧਰੇਗੀ ਅਤੇ ਅਸੀਂ ਸੁਰੱਖਿਅਤ ਮਾਹੌਲ ਵਿੱਚ ਘਰੇਲੂ ਕ੍ਰਿਕਟ ਸ਼ੁਰੂ ਕਰ ਸਕਾਂਗੇ।