ਨਵੀਂ ਦਿੱਲੀ: ਭਾਰਤ ਤੇ ਵੈਸਟ ਇੰਡੀਜ਼ ਵਿਚਕਾਰ ਬੁੱਧਵਾਰ ਨੂੰ ਤੀਸਰਾ ਵਨਡੇਅ ਮੈਚ ਖੇਡਿਆ ਜਾਵੇਗਾ। ਭਾਰਤ ਦੀ ਨਜ਼ਰ ਇਹ ਮੈਚ ਜਿੱਤ ਕੇ ਇੱਕ ਹੋਰ ਸੀਰੀਜ਼ ਨੂੰ ਆਪਣੇ ਨਾਂਅ ਕਰਨ 'ਤੇ ਹੋਵੇਗੀ। ਦੂਜੇ ਪਾਸੇ ਵੈਸਟ ਇੰਡੀਜ਼ ਦੀ ਟੀਮ ਵੀ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨ ਲਈ ਬੇਤਾਬ ਹੋਵੇਗੀ।
ਭਾਰਤ ਨੂੰ ਹਰਾਉਣ ਲਈ ਹਾਲਾਂਕਿ ਵੈਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਕੈਰੇਬਿਆਈ ਟੀਮ ਕੋਲ ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ ਤੇ ਨਿਕੋਲਸ ਪੂਰਨ ਵਰਗੇ ਯੋਗ ਬੱਲੇਬਾਜ਼ ਹਨ ਪਰ ਇਨ੍ਹਾਂ ਨੂੰ ਉਮੀਦਾਂ 'ਤੇ ਖ਼ਰਾ ਉਤਰਨਾ ਪਵੇਗਾ। ਦੱਸਣਯੋਗ ਹੈ ਕਿ ਵਨਡੇਅ ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ ਏਂਟੀਗਾ ਦੇ ਨਾਰਥ ਸਾਊਂਡ 'ਚ 22 ਅਗਸਤ ਤੋਂ 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਹਿੱਸਾ ਲੈਣਗੀਆਂ।
ਭਾਰਤੀ ਕ੍ਰਿਕਟ ਟੀਮ ਨੇ ਆਪਣੇ ਇਸ ਦੌਰੇ ਦੀ ਜੇਤੂ ਸ਼ੁਰੂਆਤ ਕਰਦਿਆਂ ਹੋਇਆਂ ਟੀ-20 ਸੀਰੀਜ਼ 'ਚ 3-0 ਤੋਂ ਕਲੀਨ ਸਵੀਪ ਕੀਤਾ ਸੀ। ਜ਼ਿਕਰਯੋਗ ਹੈ ਕਿ 3 ਮੈਚਾਂ ਦੀ ਇਹ ਵਨਡੇਅ ਸੀਰੀਜ਼ ਦਾ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਗਯਾਨਾ ਦੇ ਪ੍ਰੋਵਿਡੇਂਸ ਕ੍ਰਿਕੇਟ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਿਰਫ 13 ਓਵਰਾਂ ਦੀ ਗੇਂਦਬਾਜ਼ੀ ਹੋ ਸਕੀ ਸੀ।
ਇਸ ਹੀ ਤਰ੍ਹਾਂ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ 59 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਭਾਰਤ ਵੱਲੋਂ 280 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ 42 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਦੀ ਕੋਸ਼ਿਸ਼ ਵਨਡੇਅ ਸੀਰੀਜ਼ ਤੇ ਵੀ ਕਬਜ਼ਾ ਜਮਾਉਣ ਦੀ ਹੋਵੇਗੀ।