ਕ੍ਰਾਈਸਟਚਰਚ: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਹੇਗਲੇ ਓਵਲ ਵਿੱਚ ਖੇਡੇ ਗਏ ਦੂਸਰੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਜਿੱਤ ਲਈ ਹੈ। ਭਾਰਤ ਨੂੰ ਲਗਭਗ 8 ਸਾਲਾਂ ਬਾਅਦ ਟੈਸਟ ਲੜੀ ਵਿੱਚ ਕਲੀਨ ਸਵਿਪ ਦਾ ਸਾਹਮਣਾ ਕਰਨਾ ਪਿਆ ਹੈ। ਆਖ਼ਰੀ ਵਾਰ ਸਾਲ 2011-12 ਵਿੱਚ ਭਾਰਤ ਨੂੰ ਆਸਟ੍ਰੇਲੀਆ ਵਿਰੁੱਧ ਕਲੀਨ ਸਵਿਪ ਹੋਣਾ ਪਿਆ ਸੀ।
ਭਾਰਤ ਨੂੰ 5 ਲਗਾਤਾਰ ਲੜੀਆਂ ਜਿੱਤਣ ਤੋਂ ਬਾਅਦ ਇਹ ਹਾਰ ਮਿਲੀ ਹੈ। ਨਿਊਜ਼ੀਲੈਂਡ ਨੂੰ ਮੈਚ ਜਿੱਤਣ ਦੇ ਲਈ 132 ਦੌੜਾਂ ਦਾ ਟੀਚਾ ਮਿਲਿਆ ਸੀ ਜਿਸ ਨੂੰ ਮੇਜ਼ਬਾਨ ਟੀਮ ਨੇ 7 ਵਿਕਟਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ।
ਇਹ ਵੀ ਪੜ੍ਹੋ : ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨਾਲ ਜੁੜ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ: ਰਣਵਿਜੇ ਸਿੰਘ
ਭਾਰਤ ਨੇ ਪਹਿਲੀ ਪਾਰੀ ਵਿੱਚ 242 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਕੀਵੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੂੰ 7 ਦੌੜਾਂ ਦਾ ਵਾਧਾ ਮਿਲਿਆ ਸੀ, ਪਰ ਭਾਰਤੀ ਟੀਮ ਆਪਣੀ ਦੂਸਰੀ ਪਾਰੀ ਵਿੱਚ ਨਿਊਜ਼ੀਲੈਂਡ ਉੱਤੇ ਦਬਾਅ ਨਹੀਂ ਬਣਾ ਸਕੀ ਅਤੇ ਆਪਣੀ ਦੂਸਰੀ ਪਾਰੀ ਵਿੱਚ 124 ਦੌੜਾਂ ਹੀ ਬਣਾ ਸਕੀ।
ਇਸ ਤੋਂ ਬਾਅਦ 132 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਉੱਤਰੀ ਕੀਵੀ ਟੀਮ ਨੇ ਤੀਸਰੇ ਦਿਨ ਦੇ ਦੂਸਰੇ ਸੈਸ਼ਨ ਵਿੱਚ ਹੀ ਜਿੱਤ ਦਰਜ ਕਰ ਲਈ। ਕੀਵੀ ਟੀਮ ਦੇ ਗੇਂਦਬਾਜ਼ਾਂ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤੀ ਟੀਮ ਨੂੰ ਮੈਚ ਵਿੱਚ ਭਾਰੂ ਨਹੀਂ ਹੋਣ ਦਿੱਤਾ। ਪਹਿਲੀ ਪਾਰੀ ਵਿੱਚ ਆਪਣੇ ਕਰਿਅਰ ਦਾ ਦੂਸਰਾ ਟੈਸਟ ਮੈਚ ਖੇਡ ਰਹੇ ਕਾਇਲ ਜੇਮਿਸਨ ਨੇ 5 ਵਿਕਟਾਂ ਲਈਆਂ ਸਨ।
ਨਾਲ ਹੀ ਟੀਮ ਸਾਉਦੀ ਅਤੇ ਬੋਲਟ ਨੇ 2-2 ਵਿਕਟਾਂ ਲਈਆਂ ਸਨ। ਉੱਥੇ ਦੂਸਰੀ ਪਾਰੀ ਵਿੱਚ ਭਾਰਤ ਦੀ ਪਾਰੀ ਨੂੰ ਟਿਮ ਸਾਉਦੀ ਅਤੇ ਟ੍ਰੈਂਟ ਬੋਲਡ ਨੇ ਵੱਡਾ ਨਹੀਂ ਹੋਣ ਦਿੱਤਾ।
ਕਪਤਾਨ ਕੋਹਲੀ ਦੇ ਲਈ ਇਹ ਲੜੀ ਬੇਹੱਦ ਨਿਰਾਸ਼ਾਜਨਕ ਰਹੀ। ਇਸ ਮੈਚ ਦੀ ਪਹਿਲੀ ਅਤੇ ਦੂਸਰੀ ਪਾਰੀ ਮਿਲਾ ਕੇ ਕੋਹਲੀ ਨੇ ਕੇਵਲ 17 ਦੌੜਾਂ ਬਣਾਈਆਂ ਹਨ। ਇਸ ਪੂਰੀ ਲੜੀ ਵਿੱਚ ਕੋਹਲੀ ਨੇ ਮਹਿਜ 38 ਦੌੜਾਂ ਬਣਾਈਆਂ।
ਭਾਰਤੀ ਟੀਮ ਦੇ ਲਈ ਟੈਸਟ ਲੜੀ ਤੋਂ ਇਲਾਵਾ ਇਹ ਦੌਰਾ ਵਧੀਆ ਨਹੀਂ ਰਿਹਾ। ਭਾਰਤ ਨੇ ਭਾਵੇਂ ਹੀ ਟੀ-20 ਲੜੀ ਵਿੱਚ ਮੇਜ਼ਬਾਨ ਟੀਮ ਨੂੰ 5-0 ਨਾਲ ਮਾਤ ਦਿੱਤੀ ਪਰ ਇੱਕ ਰੋਜ਼ਾ ਲੜੀ ਵਿੱਚ ਭਾਰਤੀ ਟੀਮ ਨੂੰ 3-0 ਨਾਲ ਜਦਕਿ ਟੈਸਟ ਲੜੀ ਵਿੱਚ ਭਾਰਤ ਨੂੰ ਵਾਇਟ-ਵਾਸ਼ ਦਾ ਸਾਹਮਣਾ ਕਰਨਾ ਪਿਆ ਹੈ।