ਨਵੀਂ ਦਿੱਲੀ: ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਮਾਈਕਲ ਹੋਲਡਿੰਗ ਦਾ ਮੰਨਣਾ ਹੈ ਕਿ ਜੇਕਰ ਆਸਟ੍ਰੇਲੀਆ ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਜਾਂਦਾ ਹੈ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਇਸ ਸਾਲ ਦੇ ਅਖ਼ੀਰ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਆਯੋਜਨ ਕਰਨ ਦਾ ਪੂਰਾ ਅਧਿਕਾਰ ਹੈ।
ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਹੋਣ ਵਾਲਾ ਟੀ-20 ਵਿਸ਼ਵ ਕੱਪ ਮੁਲਤਵੀ ਕੀਤਾ ਜਾ ਸਕਦਾ ਹੈ। ਬੀਸੀਸੀਆਈ ਇਸ ਸਮੇਂ ਦੌਰਾਨ ਆਈਪੀਐਲ ਕਰਵਾਉਣ ਦੀ ਯੋਜਨਾ 'ਤੇ ਕੰਮ ਕਰ ਸਕਦੀ ਹੈ।
ਹੋਲਡਿੰਗ ਨੇ ਇੰਸਟਾਗ੍ਰਾਮ 'ਤੇ ਨਿਖਿਲ ਨਾਜ਼ ਨਾਲ ਗੱਲਬਾਤ ਦੌਰਾਨ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਆਈਸੀਸੀ ਆਈਪੀਐਲ ਦੀ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਟੀ-20 ਵਿਸ਼ਵ ਕੱਪ ਵਿੱਚ ਦੇਰੀ ਕਰੇਗੀ। ਇਹ ਆਸਟ੍ਰੇਲੀਆ ਸਰਕਾਰ ਦਾ ਕਾਨੂੰਨ ਹੈ, ਜਿਸ ਵਿੱਚ ਉਹ ਨਿਸ਼ਚਤ ਮਿਤੀ ਤੋਂ ਪਹਿਲਾਂ ਕਿਸੇ ਨੂੰ ਵੀ ਦੇਸ਼ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦੇਣਗੇ।”
ਉਨ੍ਹਾਂ ਕਿਹਾ, "ਜੇਕਰ ਟੀ20 ਵਿਸ਼ਵ ਕੱਪ ਸਮੇਂ ਸਿਰ ਨਹੀਂ ਕਰਵਾਇਆ ਜਾਂਦਾ ਤਾਂ ਬੀਸੀਸੀਆਈ ਨੂੰ ਇਸ ਘਰੇਲੂ ਟੂਰਨਾਮੈਂਟ ਦਾ ਆਯੋਜਨ ਕਰਨ ਦਾ ਪੂਰਾ ਅਧਿਕਾਰ ਹੈ।"
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੇ ਵੀਡੀਓ ਸ਼ੇਅਰ ਕਰ ਕਿਹਾ, ਆਪਣੇ ਆਪ ਨੂੰ ਫਿੱਟ ਤੇ ਸਿਹਤਮੰਦ ਰੱਖੋ
ਦੱਸ ਦਈਏ ਕਿ ਆਈਸੀਸੀ ਨੇ ਆਪਣੇ ਏਜੰਡੇ ‘ਚ ਸ਼ਾਮਿਲ ਸਾਰੇ ਮਾਮਲਿਆਂ ‘ਤੇ ਫੈਸਲਾ 10 ਜੂਨ ਤੱਕ ਮੁਲਤਵੀ ਕਰ ਦਿੱਤਾ ਹੈ, ਜਿਸ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲਾ ਟੀ20 ਵਿਸ਼ਵ ਕੱਪ ਵੀ ਸ਼ਾਮਲ ਹੈ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਹਾਲ ਹੀ ਵਿੱਚ ਬਹੁਤ ਸਾਰੇ ਬੋਰਡ ਮੈਂਬਰਾਂ ਨੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ ਸੀ ਅਤੇ ਅਜਿਹਾ ਮਹਿਸੂਸ ਕੀਤਾ ਸੀ ਕਿ ਉਨ੍ਹਾਂ ਨੂੰ ਤੁਰੰਤ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਬੋਰਡ ਦੇ ਮਾਮਲਿਆਂ ਵਿੱਚ ਪ੍ਰਸ਼ਾਸਨ ਦੇ ਉੱਚ ਮਿਆਰਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਦਰਸ਼ਤਾ ਬਣੀ ਰਹੇ।"
ਇਸ ਤੋਂ ਪਹਿਲਾਂ ਮੀਡੀਆ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਨਾ ਸਿਰਫ਼ ਮੈਂਬਰ ਬੋਰਡ ਬਲਕਿ ਆਸਟ੍ਰੇਲੀਆਈ ਕ੍ਰਿਕਟਰ ਵੀ ਇਸ ਸਾਲ ਹੋਣ ਵਾਲੇ ਟੀ20 ਵਿਸ਼ਵ ਕੱਪ ਨੂੰ ਲੈ ਕੇ ਕੋਰੋਨਾ ਵਾਇਰਸ ਦੇ ਪ੍ਰਸਾਰ ਕਾਰਨ ਜ਼ਿਆਦਾ ਸਕਾਰਾਤਮਕ ਨਹੀਂ ਹਨ।