ਮੁੰਬਈ: ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਹੋਏ 21 ਦਿਨ ਦੇ ਲੌਕਡਾਊਨ 'ਚ ਬਹੁਤ ਸਾਰੇ ਸੈਲੇਬ੍ਰਿਟੀਜ਼ ਅਜਿਹੇ ਹਨ ਜੋ ਆਪਣੇ-ਆਪਣੇ ਘਰਾਂ ਤੋਂ ਦੂਰ ਕਿਸੀ ਦੂਜੀ ਥਾਂ 'ਤੇ ਫੱਸ ਕੇ ਰਹਿ ਗਏ ਹਨ। ਇਸ ਲਿਸਟ 'ਚ ਸ਼ਹਿਨਾਜ਼ ਕੌਰ ਗਿੱਲ ਦਾ ਨਾਂਅ ਵੀ ਸ਼ਾਮਲ ਹੈ। ਸ਼ਹਿਨਾਜ਼ ਲੌਕਡਾਊਨ ਕਾਰਨ ਆਪਣੇ ਘਰ ਤੋਂ ਦੂਰ ਹੈ ਤੇ ਮੁੰਬਈ ਦੇ ਹੀ ਇੱਕ ਹੋਟਲ 'ਚ ਰਹਿ ਰਹੀ ਹੈ। ਹਾਲਾਂਕਿ, ਇਸ ਮੁਸ਼ਕਲ ਸਮੇਂ 'ਚ ਉਹ ਇਕੱਲੀ ਨਹੀਂ ਹੈ, ਉਹ ਆਪਣੇ ਭਰਾ ਸ਼ਹਿਬਾਜ਼ ਨਾਲ ਰਹਿ ਰਹੀ ਹੈ।
ਦਰਅਸਲ, 'ਬਿੱਗ ਬੌਸ 13' ਖ਼ਤਮ ਹੋਣ ਤੋਂ ਬਾਅਦ ਸ਼ਹਿਨਾਜ਼ ਕਲਰਜ਼ ਦੇ ਹੀ ਦੂਜੇ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਨਜ਼ਰ ਆਈ ਸੀ। ਸ਼ੋਅ ਨੂੰ ਸ਼ੁਰੂ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਕਿ ਲੌਕਡਾਊਨ ਕਾਰਨ ਇਸ ਨੂੰ ਇੱਕ ਮਹੀਨੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ। ਸ਼ੋਅ ਖ਼ਤਮ ਹੋਣ ਤੋਂ ਬਾਅਦ ਇਸ ਤੋਂ ਪਹਿਲਾਂ ਕਿ ਸ਼ਹਿਨਾਜ਼ ਘਰ ਜਾਂਦੀ, ਕੋਰੋਨਾ ਵਾਇਰਸ ਦੇਸ਼ 'ਚ ਜ਼ਿਆਦਾ ਫੈਲਣ ਲੱਗਾ ਅਤੇ ਪੀਐੱਮ ਮੋਦੀ ਦੇ ਆਦੇਸ਼ 'ਤੇ ਭਾਰਤ ਨੂੰ 21 ਦਿਨ ਲਈ ਲੌਕਡਾਊਨ ਕਰ ਦਿੱਤਾ ਗਿਆ ਅਤੇ ਸ਼ਹਿਨਾਜ਼ ਭਰਾ ਦੇ ਨਾਲ ਮੁੰਬਈ ਦੇ ਹੋਟਲ 'ਚ ਹੀ ਫੱਸ ਗਈ ਹੈ।
ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਇਸ ਬਾਰੇ ਮੀਡੀਆ ਨਾਲ ਗੱਲ ਕੀਤੀ ਹੈ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਕਿਹਾ, 'ਸ਼ਹਿਨਾਜ਼ ਦਾ ਕਲਰਜ਼ ਦੇ ਨਾਲ ਇੱਕ ਸਾਲ ਕੰਟਰਕਟ ਸੀ। ਕਲਰਜ਼ ਟੀਮ ਦਾ ਪਲਾਨ ਹੈ ਕਿ ਉਹ ਸ਼ਹਿਨਾਜ਼ ਦੇ ਨਾਲ ਹੋਰ ਵੀ ਸ਼ੋਅ ਕਰੇਗੀ। ਇਸ ਲਈ ਉਹ ਮੁੰਬਈ 'ਚ ਹੀ ਰੁਕ ਗਈ ਸੀ ਅਤੇ ਵੈਸੇ ਵੀ ਹਾਲੇ ਉਸ ਦੇ ਲਈ ਟਰੈਵਲ ਕਰਨਾ ਸੇਫ ਵੀ ਨਹੀਂ ਸੀ।"