ਮੁੰਬਈ: ਭੋਜਪੁਰੀ ਅਦਾਕਾਰਾ ਅਨੁਪਮਾ ਪਾਠਕ ਨੇ ਦਹੀਸਰ ਸਥਿਤ ਆਪਣੀ ਰਿਹਾਇਸ਼ 'ਤੇ ਖੁਦਕੁਸ਼ੀ ਕਰ ਲਈ। 40 ਸਾਲਾ ਅਦਾਕਾਰਾ ਨੇ ਕਥਿਤ ਤੌਰ 'ਤੇ 2 ਅਗਸਤ ਨੂੰ ਖੁਦਕੁਸ਼ੀ ਕਰ ਲਈ ਸੀ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ, ਉਹ ਫੇਸਬੁੱਕ 'ਤੇ ਲਾਈਵ ਆਈ, ਜਿੱਥੇ ਉਸ ਨੇ ਦੱਸਿਆ ਕਿ ਉਸ ਨਾਲ ਧੋਖਾ ਕੀਤਾ ਗਿਆ ਹੈ ਅਤੇ ਉਹ ਹੁਣ ਕਿਸੇ 'ਤੇ ਭਰੋਸਾ ਨਹੀਂ ਕਰ ਸਕਦੀ।
ਉਨ੍ਹਾਂ ਆਪਣੇ ਫੇਸਬੁੱਕ ਲਾਈਵ ਵਿੱਚ ਕਿਹਾ, “ਜੇਕਰ ਤੁਸੀਂ ਕਿਸੇ ਨੂੰ ਆਪਣੀ ਸਮੱਸਿਆ ਬਾਰੇ ਦੱਸਦੇ ਹੋ ਕਿ ਤੁਸੀਂ ਹਾਰ ਮੰਨਣ ਬਾਰੇ ਸੋਚ ਰਹੇ ਹੋ, ਤਾਂ ਕੋਈ ਵੀ ਆਦਮੀ, ਭਾਵੇਂ ਉਹ ਕਿੰਨਾ ਚੰਗਾ ਦੋਸਤ ਹੀ ਹੋਵੇ, ਤੁਹਾਨੂੰ ਦੂਰ ਰਹਿਣ ਲਈ ਕਹੇਗਾ, ਤਾਂ ਜੋ ਤੁਸੀਂ ਮਰ ਜਾਓ ਤਾਂ ਜੋ ਬਾਅਦ ਵਿੱਚ ਉਹ ਮੁਸੀਬਤ ਵਿੱਚ ਨਾ ਫਸ ਜਾਵੇ। ਇਸ ਦੇ ਲਈ ਉਹ ਤੁਹਾਨੂੰ ਦੂਜਿਆਂ ਸਾਹਮਣੇ ਬੇਇੱਜ਼ਤ ਕਰੇਗਾ ਤੇ ਤੁਹਾਡਾ ਮਜ਼ਾਕ ਉਡਾਏਗਾ। ਇਸ ਲਈ ਕਦੇ ਵੀ ਆਪਣੀਆਂ ਸਮੱਸਿਆਵਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ ਅਤੇ ਕਦ ਵੀ ਕਿਸੇ ਨੂੰ ਆਪਣਾ ਦੋਸਤ ਨਾ ਸਮਝੋ। "
ਅਦਾਕਾਰਾ ਨੇ ਕਿਹਾ, "ਇੱਕ ਅਜਿਹੇ ਵਿਅਕਤੀ ਬਣੋ, ਜਿਸ 'ਤੇ ਹਰ ਕੋਈ ਭਰੋਸਾ ਕਰ ਸਕਦਾ ਹੋਵੇ, ਪਰ ਤੁਸੀਂ ਕਿਸੇ ਨਾਲ ਕੁਝ ਨਹੀਂ ਕਰਨਾ। ਮੈਂ ਆਪਣੀ ਜ਼ਿੰਦਗੀ ਵਿੱਚ ਇਹ ਸਿੱਖਿਆ ਹੈ। ਲੋਕ ਬਹੁਤ ਮਤਲਬੀ ਹੁੰਦੇ ਹਨ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। "
ਭੋਜਪੁਰੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਨੁਪਮਾ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੀ ਵਸਨੀਕ ਹੈ। ਉਹ ਕੰਮ ਕਰਨ ਲਈ ਮੁੰਬਈ ਵਿੱਚ ਰਹਿੰਦੀ ਸੀ। ਪੁਲਿਸ ਨੇ ਸ਼ਿਕਾਇਤ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਿਪੋਰਟਸ ਦੇ ਮੁਤਾਬਕ ਅਦਾਕਾਰਾ ਦੀ ਖ਼ੁਦਕੁਸ਼ੀ ਵਾਲੀ ਥਾਂ ਤੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਦੱਸਿਆ ਗਿਆ ਕਿ ਅਭਿਨੇਤਰੀ ਨੇ ਮਲਾਡ ਵਿੱਚ ਵਿਸਡਮ ਪ੍ਰੋਡਿਊਸਰਜ਼ ਨਾਮਕ ਇੱਕ ਕੰਪਨੀ ਵਿੱਚ 10,000 ਰੁਪਏ ਦਾ ਨਿਵੇਸ਼ ਕੀਤਾ ਸੀ। ਪੈਸੇ ਵਾਪਸ ਕਰਨ ਦੀ ਆਖ਼ਰੀ ਤਰੀਕ ਦਸੰਬਰ 2019 ਸੀ, ਪਰ ਉਨ੍ਹਾਂ ਨੂੰ ਅਜੇ ਪੈਸੇ ਵਾਪਸ ਨਹੀਂ ਹੋਏ ਸਨ।
ਕਈ ਖਬਰਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਦਾਕਾਰਾ ਨੇ ਮਨੀਸ਼ ਝਾਅ ਨਾਂਅ ਦੇ ਇੱਕ ਵਿਅਕਤੀ 'ਤੇ ਇਲਜ਼ਾਮ ਲਗਾਇਆ ਹੈ ਕਿ ਉਹ ਲੌਕਡਾਊਨ ਦੇ ਦੌਰਾਨ ਉਨ੍ਹਾਂ ਦਾ ਦੋ-ਪਹੀਆ ਵਾਹਨ ਆਪਣੇ ਘਰ ਲੈ ਗਿਆ, ਜੋ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਅਦਾਕਾਰ ਸਮੀਰ ਸ਼ਰਮਾ ਦੀ ਮੌਤ ਦੀ ਵੀ ਖ਼ਬਰ ਮਿਲੀ ਹੈ। ਅਦਾਕਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਜਿਵੇਂ ਸੇਜਲ ਸ਼ਰਮਾ, ਪ੍ਰੇਕਸ਼ਾ ਮਹਿਤਾ ਅਤੇ ਮਨਮੀਤ ਗਰੇਵਾਲ ਮੌਤ ਨੂੰ ਗਲੇ ਲਗਾ ਚੁੱਕੇ ਹਨ।