ਮੁੰਬਈ: ਬਾਲੀਵੁੱਡ ਦੇ ਨਾਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਹਫ਼ਤਾ ਪੂਰਾ ਹੋਣ 'ਤੇ ਉਨ੍ਹਾਂ ਦੀ ਯਾਦ 'ਚ ਪਰਿਵਾਰ ਨੇ ਆਪਣੇ ਪਟਨਾ ਸਥਿਤ ਘਰ ਵਿੱਚ ਪ੍ਰਾਰਥਨਾ ਸਭਾ ਦਾ ਆਯੋਜਨ ਕਰ ਸੁਸ਼ਾਂਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਜਿਸ 'ਚ ਅਦਾਕਾਰ ਦੀ ਫ਼ੋਟੋ ਚਾਰਾਂ ਪਾਸੋਂ ਸਫ਼ੇਦ ਫੁੱਲਾਂ ਨਾਲ ਘਿਰੀ ਹੋਈ ਨਜ਼ਰ ਆ ਰਹੀ ਹੈ।
ਸੁਸ਼ਾਂਤ ਦੀ ਮੌਤ ਤੋਂ ਬਾਅਦ ਸੋਸਲ ਮੀਡੀਆ 'ਤੇ ਪ੍ਰਸ਼ੰਸਕਾਂ 'ਚ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਸੁਸ਼ਾਂਤ ਦੀ ਖ਼ੁਦਕੁਸ਼ੀ ਲਈ ਨੈਪੋਟਿਜ਼ਮ, ਅਤੇ ਬਾਲੀਵੁੱਡ ਗੈਂਗ ਦੀ ਬੁਲਿੰਗ ਨੂੰ ਜ਼ਿੰਮੇਵਾਰ ਦੱਸਿਆ ਹੈ।
ਸੁਸ਼ਾਂਤ ਦੀ ਗਰਲ ਫਰੈਂਡ ਰੀਆ ਚੱਕਰਵਰਤੀ 'ਤੇ ਵੀ ਮਾਮਲਾ ਦਰਜ ਹੋਇਆ ਹੈ ਅਤੇ ਦੋਸ਼ ਲੱਗਾ ਹੈ ਕਿ ਰੀਆ ਨੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਇਆ ਹੈ। ਦੂਜੇ ਪਾਸੇ ਸਲਮਾਨ ਖ਼ਾਨ, ਏਕਤਾ ਕਪੂਰ ਅਤੇ ਕਰਨ ਜੋਹਰ ਵਿਰੁੱਧ ਵੀ ਮਾਮਲਾ ਦਰਜ ਹੋਇਆ ਹੈ, ਫਿਲਹਾਲ ਪੁਲਿਸ ਮਮਲੇ ਦੀ ਪੜਤਾਲ ਕਰ ਰਹੀ ਹੈ।
ਹਾਲ ਹੀ 'ਚ ਕੇਂਦਰੀ ਕਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੁਸ਼ਾਂਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਅਦਾਕਾਰ ਨੂੰ ਯਾਦ ਕਰਦਿਆਂ ਟਵੀਟ ਵੀ ਕੀਤਾ।
ਦੱਸਣਯੋਗ ਹੈ ਕਿ 14 ਜੂਨ ਨੂੰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਅਪਾਰਟਮੈਂਟ 'ਚ ਮ੍ਰਿਤਕ ਪਾਏ ਗਏ ਸਨ ਜਿਸ ਨਾਲ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਝਟਕਾ ਵੀ ਲੱਗਿਆ ਹੈ ਅਤੇ ਪ੍ਰਸ਼ੰਸਕ ਲਗਾਤਾਰ ਸੀਬੀਆਈ ਪੜਤਾਲ ਅਤੇ ਬਾਲੀਵੁੱਡ 'ਚ ਜਾਰੀ ਪਰਿਵਾਰਵਾਦ ਵਿਰੁੱਧ ਆਵਾਜ਼ ਚੁੱਕ ਰਹੇ ਹਨ।