ਮੁੰਬਈ: ਕੋਰੋਨਾ ਵਾਇਰਸ ਦੀ ਮਹਾਂਮਾਰੀ ਤੇਜ਼ੀ ਨਾਲ ਫੈਲ ਰਹੀ ਹੈ, ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਆਮ ਲੋਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਵੀ ਕੋਰੋਨਾ ਤੋਂ ਪੀੜਤ ਹੋ ਰਹੀਆਂ ਹਨ।
ਹੁਣ ਤੱਕ ਬਹੁਤ ਸਾਰੇ ਰਾਜਨੇਤਾ ਅਤੇ ਫ਼ਿਲਮੀ ਹਸਤੀਆਂ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋ ਚੁੱਕੇ ਹਨ। ਇਸ ਵਿੱਚ ਗਾਇਕ ਐਸਪੀ ਬਾਲਾਸੁਬਰਾਮਨੀਅਮ ਦਾ ਨਾਂਅ ਵੀ ਸ਼ਾਮਲ ਹੈ।
ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਕੁੱਝ ਦਿਨ ਪਹਿਲਾਂ ਸਾਂਝੀ ਕੀਤੀ ਸੀ।
5 ਅਗਸਤ ਤੋਂ ਹਸਪਤਾਲ ਵਿੱਚ ਐਸਪੀ ਦੀ ਸਥਿਤੀ ਵਿੱਚ ਸੁਧਾਰ ਦੇਖਿਆ ਜਾ ਰਿਹਾ ਸੀ। ਪਰ ਸੂਤਰਾਂ ਦੇ ਅਨੁਸਾਰ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਲੜ ਰਹੇ ਹਨ। ਫਿਲਹਾਲ ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਆਈਸੀਯੂ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਐਸਪੀ ਬਾਲਾਸੁਬਰਾਮਨੀਅਮ ਵਿੱਚ ਕੋਰੋਨਾ ਦੇ ਹਲਕੇ ਲੱਛਣ ਸਨ। ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ, ਤਾਂ ਰਿਪੋਰਟ ਪੌਜ਼ੀਟਿਵ ਆਈ ਸੀ। ਗਾਇਕ ਦਾ ਇਲਾਜ ਹਸਪਤਾਲ ਵਿੱਚ ਚੰਗਾ ਚੱਲ ਰਿਹਾ ਸੀ। ਐਸਪੀ ਨੇ ਵੀ ਇੱਕ ਵੀਡੀਓ ਬਣਾ ਕੇ ਅਪਣੇ ਪ੍ਰਸ਼ੰਸਕਾਂ ਨੂੰ ਚਿੰਤਾ ਨਾ ਕਰਨ ਦੇ ਲਈ ਕਿਹਾ ਸੀ।
ਵੀਡੀਓ ਵਿੱਚ, ਐਸਪੀ ਨੇ ਕਿਹਾ, "ਦੋ-ਤਿੰਨ ਦਿਨਾਂ ਤੋਂ ਮੈਨੂੰ ਛਾਤੀ ਵਿੱਚ ਦਰਦ ਸੀ। ਮੈਨੂੰ ਥੋੜ੍ਹੀ ਖੰਘ ਵੀ ਸੀ। ਮੈਨੂੰ ਥੋੜ੍ਹਾ ਬੁਖਾਰ ਵੀ ਸੀ। ਮੈਂ ਸੋਚਿਆ ਕਿ ਮੈਂ ਹਸਪਤਾਲ ਵਿੱਚ ਜਾਕੇ ਆਪਣੀ ਜਾਂਚ ਕਰਵਾ ਲਵਾਂ, ਪਰ ਮੈਨੂੰ ਉਥੇ ਪਤਾ ਲੱਗਾ ਕਿ ਮੈਨੂੰ ਕੋਰੋਨਾ ਦੇ ਹਲਕੇ ਲੱਛਣ ਹਨ। ਹਸਪਤਾਲ ਨੇ ਮੈਨੂੰ ਘਰ ਵਿੱਚ ਇਕਾਂਤਵਾਸ ਰਹਿਣ ਲਈ ਕਿਹਾ, ਪਰ ਮੈਂ ਹਸਪਤਾਲ ਵਿੱਚ ਦਾਖਲ ਹੋਣ ਦਾ ਫ਼ੈਸਲਾ ਕੀਤਾ। ਮੇਰਾ ਪਰਿਵਾਰ ਮੇਰੀ ਬਹੁਤ ਚਿੰਤਾ ਕਰ ਰਿਹਾ ਸੀ।"
ਹਸਪਤਾਲ ਵਿੱਚ ਭਰਤੀ ਹੋਣ ਦੇ ਬਾਅਦ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਸੀ। ਪਰ ਅਚਾਨਕ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਸਥਿਤੀ ਫਿਰ ਨਾਜ਼ੁਕ ਹੋ ਗਈ ਹੈ। ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਲਈ ਅਰਦਾਸ ਕਰ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਹੂਬਲੀ ਫਿਲਮ ਦੇ ਨਿਰਦੇਸ਼ਕ ਰਾਜਮੌਲੀ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੇ ਕੋਰੋਨਾ ਵਿਰੁੱਧ ਲੜਾਈ ਜਿੱਤ ਲਈ ਹੈ। ਇਸ ਦੇ ਇਲਾਵਾ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਵੀ ਹਾਲ ਹੀ ਵਿੱਚ ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਹਨ।