ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਉਨ੍ਹਾਂ ਦੀ ਐਕਸ ਮੈਨੇਜਰ ਦਿਸ਼ਾ ਸਾਲਿਯਾਨ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸੂਰਜ ਪੰਚੋਲੀ ਦਾ ਨਾਂਅ ਚਰਚਾ ਵਿੱਚ ਬਣਿਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ, ਉਪਭੋਗਤਾ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣਾ ਰਹੇ ਹਨ। ਅਜਿਹੀ ਸਥਿਤੀ ਵਿੱਚ ਸੂਰਜ ਨੇ ਇੱਕ ਵੱਡਾ ਕਦਮ ਚੁੱਕਿਆ ਅਤੇ ਇੰਸਟਾਗ੍ਰਾਮ ਛੱਡ ਦਿੱਤਾ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਫੋਟੋ ਨੂੰ ਛੱਡ ਕੇ ਸਾਰੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ। ਅਦਾਕਾਰ ਨੇ ਇੰਸਟਾਗ੍ਰਾਮ ਨੂੰ ਛੱਡਣ ਬਾਰੇ ਇੰਸਟਾਗ੍ਰਾਮ ਸਟੋਰੀ 'ਤੇ ਵੀ ਇੱਕ ਸੁਨੇਹਾ ਛੱਡਿਆ।
ਜਿਸ ਵਿੱਚ ਉਨ੍ਹਾਂ ਲਿਖਿਆ, "ਫਿਰ ਮਿਲੇਂਗੇ ਇੰਸਟਾਗ੍ਰਾਮ, ਉਮੀਦ ਕਰਦਾ ਹਾਂ ਕਿ ਉਸ ਦਿਨ ਮਿਲਾਂਗਾ ਜਦੋਂ ਇਹ ਦੁਨੀਆ ਇੱਕ ਚੰਗੀ ਥਾਂ ਹੋਵੇਗੀ।" ਸੂਰਜ ਨੇ ਇਸ ਤਰ੍ਹਾਂ ਦਾ ਸੁਨੇਹਾ ਦੇ ਕੇ ਇੰਸਟਾਗ੍ਰਾਮ ਛੱਡ ਦਿੱਤਾ ਹੈ। ਉਨ੍ਹਾਂ ਦੇ ਇਸ ਮੈਸੇਜ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਆਪਣੀ ਟ੍ਰੋਲਿੰਗ ਤੋਂ ਪਰੇਸ਼ਾਨ ਸਨ।
ਸੂਰਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਤਸਵੀਰ ਛੱਡੀ ਹੈ, ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਹੱਥਾਂ ਵਿੱਚ ਮੋਮਬੱਤੀਆਂ ਹਨ। ਦੱਸ ਦੇਈਏ ਕਿ ਸੂਰਜ ਪੰਚੋਲੀ ਦਾ ਨਾਂਅ ਸੁਸ਼ਾਂਤ ਸਿੰਘ ਰਾਜਪੂਤ ਅਤੇ ਦਿਸ਼ਾ ਸਲਿਆਨ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਲਗਾਤਾਰ ਜੋੜਿਆ ਜਾ ਰਿਹਾ ਸੀ। ਇਸ ਤੋਂ ਬਾਅਦ ਸੂਰਜ ਨੇ ਸਾਹਮਣੇ ਆ ਕੇ ਸਫ਼ਾਈ ਵੀ ਦਿੱਤੀ। ਉਸ ਨੇ ਕਿਹਾ ਕਿ ਉਹ ਦਿਸ਼ਾ ਨੂੰ ਨਹੀਂ ਜਾਣਦੇ ਸੀ।