ਹੈਦਰਾਬਾਦ: ਦੁਨੀਆਂ ਦੇ ਸਭ ਤੋਂ ਮਸ਼ਹੂਰ ਸੁਪਰਹੀਰੋ ਸ਼ੋਅ 'ਸ਼ਕਤੀਮਾਨ' ਨੂੰ ਭੁੱਲਣਾ ਸਿਰਫ਼ ਮੁਸ਼ਕਿਲ ਹੀ ਨਹੀਂ, ਅਸੰਭਵ ਵੀ ਹੈ। 90 ਦੇ ਦਹਾਕੇ ਦਾ ਇਹ ਟੀਵੀ ਸ਼ੋਅ ਉਸ ਸਮੇਂ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਦਾ ਪਸੰਦੀਦਾ ਸੀ। ਹੁਣ 'ਸ਼ਕਤੀਮਾਨ' ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਾਰ 'ਸ਼ਕਤੀਮਾਨ' ਛੋਟੇ ਪਰਦੇ 'ਤੇ ਨਹੀਂ ਸਗੋਂ ਵੱਡੇ ਪਰਦੇ 'ਤੇ ਧਮਾਲ ਮਚਾਵੇਗਾ। ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 'ਸ਼ਕਤੀਮਾਨ' ਦਾ ਰੋਮਾਂਚ ਹੁਣ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗਾ।
ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੋਨੀ ਪਿਕਚਰਜ਼ ਨੇ 'ਸ਼ਕਤੀਮਾਨ' ਦੇ ਲੇਖਕ ਅਤੇ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨਾਲ ਸਮਝੌਤਾ ਕੀਤਾ ਹੈ। ਡੀਲ ਮੁਤਾਬਕ ਸ਼ਕਤੀਮਾਨ ਨੂੰ ਵੱਡੇ ਪਰਦੇ 'ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ 'ਸ਼ਕਤੀਮਾਨ' ਦਾ ਟੀਜ਼ਰ ਵੀ ਲਾਂਚ ਕੀਤਾ ਗਿਆ ਹੈ।
ਟੀਜ਼ਰ ਵਿੱਚ ਸ਼ਕਤੀਮਾਨ ਦਾ ਨਵਾਂ ਲੁੱਕ ਨਜ਼ਰ ਆ ਰਿਹਾ ਹੈ, ਪਰ ਸੋਨੀ ਪਿਕਚਰਜ਼ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਹ ਕਿਰਦਾਰ ਕੌਣ ਨਿਭਾਏਗਾ।
ਮੁਕੇਸ਼ ਖੰਨਾ ਬਣੇ ਸੀ ਸ਼ਕਤੀਮਾਨ
ਦੱਸ ਦੇਈਏ ਕਿ 'ਸ਼ਕਤੀਮਾਨ' ਪਹਿਲੀ ਵਾਰ 13 ਸਤੰਬਰ 1997 ਨੂੰ ਪ੍ਰਸਾਰਿਤ ਹੋਇਆ ਸੀ। ਇਸ ਸ਼ੋਅ ਨੇ ਰਾਤੋ ਰਾਤ ਟੀਵੀ ਜਗਤ 'ਚ ਹੰਗਾਮਾ ਮਚਾ ਦਿੱਤਾ ਸੀ। ਇੱਥੇ ਹੀ ਅਦਾਕਾਰ ਮੁਕੇਸ਼ ਖੰਨਾ 'ਸ਼ਕਤੀਮਾਨ' ਬਣ ਕੇ ਰਾਤੋ-ਰਾਤ ਸਟਾਰ ਬਣ ਗਏ। ਇਹ ਟੀਵੀ ਦੀ ਦੁਨੀਆਂ ਦਾ ਪਹਿਲਾ ਸੁਪਰਹੀਰੋ ਸ਼ੋਅ ਸੀ, ਜੋ ਨਾ ਸਿਰਫ਼ ਹਿੱਟ ਸਗੋਂ ਸੁਪਰਹਿੱਟ ਰਿਹਾ। ਇਹ ਸ਼ੋਅ ਅੱਠ ਸਾਲ ਚੱਲਿਆ।
ਜਦੋਂ 'ਸ਼ਕਤੀਮਾਨ' ਦੀ ਪੁਸ਼ਾਕ ਵਿਕਣ ਲੱਗੀ
ਸ਼ਕਤੀਮਾਨ ਦੀ ਸਫ਼ਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 'ਸ਼ਕਤੀਮਾਨ' ਦਾ ਪਹਿਰਾਵਾ ਬੱਚਿਆਂ 'ਚ ਬਹੁਤ ਮਸ਼ਹੂਰ ਹੋਇਆ। ਬੱਚੇ ਪਾਰਟੀਆਂ, ਜਨਮਦਿਨ ਅਤੇ ਇੱਥੋਂ ਤੱਕ ਕਿ ਸਕੂਲ ਦੇ ਸਮਾਗਮਾਂ ਵਿੱਚ ਵੀ 'ਸ਼ਕਤੀਮਾਨ' ਪਹਿਰਾਵਾ ਪਹਿਨਦੇ ਸਨ।
ਇਹ ਵੀ ਪੜ੍ਹੋ:ਮੌਨੀ ਰਾਏ ਨੇ ਕਸ਼ਮੀਰ 'ਚ ਹਨੀਮੂਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ...ਦੇਖੋ