ਮੁੰਬਈ: ਆਲੀਆ ਭੱਟ, ਆਦਿੱਤਿਆ ਰਾਏ ਕਪੂਰ ਅਤੇ ਸੰਜੇ ਦੱਤ ਸਟਾਰਰ ਫਿਲਮ 'ਸੜਕ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 'ਸੜਕ 2' ਦੇ ਟ੍ਰੇਲਰ ਦੀ ਸ਼ੁਰੂਆਤ 'ਚ ਪਹਿਲੇ ਹਿੱਸੇ ਦਾ ਇੱਕ ਦ੍ਰਿਸ਼ ਦਿਖਾਇਆ ਗਿਆ ਹੈ। ਉਹ ਦ੍ਰਿਸ਼ ਜਦੋਂ ਪੂਜਾ ਭੱਟ ਅਤੇ ਸੰਜੇ ਦੱਤ ਪਹਿਲੀ ਵਾਰ ਮਿਲੇ ਸਨ। ਸੜਕ 2 ਵਿੱਚ ਸੰਜੇ ਦੱਤ ਤਾਂ ਹਨ ਪਰ ਪੂਜਾ ਦੇ ਕਿਰਦਾਰ ਦੀ ਮੌਤ ਹੋ ਚੁੱਕੀ ਹੈ।
ਕਹਾਣੀ ਮੁਤਾਬਿਕ ਪੂਜਾ ਦੇ ਚਲੇ ਜਾਣ ਤੋਂ ਬਾਅਦ ਸੰਜੇ ਦੱਤ ਦਾ ਜ਼ਿੰਦਗੀ ਜੀਉਣ ਦਾ ਕੋਈ ਖਾਸ ਮਕਸਦ ਨਹੀਂ ਬਚਿਆ ਹੈ। ਉਹ ਆਪਣੀ ਬਾਕੀ ਜ਼ਿੰਦਗੀ ਪੂਜਾ ਦੀ ਯਾਦ ਵਿੱਚ ਬਿਤਾ ਰਿਹਾ ਹੈ। ਫਿਰ ਕਹਾਣੀ ਵਿੱਚ ਆਲੀਆ ਭੱਟ ਦੀ ਐਂਟਰੀ ਹੁੰਦੀ ਹੈ। ਆਲੀਆ ਜੋ ਜਾਅਲੀ ਅਧਿਆਪਕਾਂ ਦਾ ਪਰਦਾਫਾਸ਼ ਕਰਨਾ ਚਾਹੁੰਦੀ ਹੈ। ਪੂਜਾ ਭੱਟ ਨੇ ਆਲੀਆ ਦੀ ਕੈਲਾਸ਼ ਯਾਤਰਾ ਬੁੱਕ ਕੀਤੀ ਸੀ, ਪਰ ਹੁਣ ਨਾ ਤਾਂ ਪੂਜਾ ਹੈ ਅਤੇ ਸੰਜੇ ਨੇ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ।
ਕਹਾਣੀ ਵਿੱਚ ਇੱਕ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਸੰਜੇ ਆਲੀਆ ਨੂੰ ਕੈਲਾਸ਼ ਪਹੁੰਚਾਉਣ ਲਈ ਤਿਆਰ ਹੁੰਦੇ ਹਨ। ਆਦਿੱਤਿਆ ਰਾਏ ਕਪੂਰ ਆਲੀਆ ਦੇ ਬੁਆਏਫ੍ਰੈਂਡ ਦੀ ਭੂਮਿਕਾ ਵਿੱਚ ਹਨ।
ਕਹਾਣੀ ਅੱਗੇ ਵਧਦੀ ਹੈ ਅਤੇ ਆਲੀਆ ਦੀ ਜਾਨ ਨੂੰ ਖ਼ਤਰਾ ਹੈ। ਆਲੀਆ ਦੀ ਜ਼ਿੰਦਗੀ ਦੇ ਪਿੱਛੇ ਕੁਝ ਸਾਧੂ ਹਨ। ਫਿਰ ਸੰਜੇ ਆ ਕੇ ਆਲੀਆ ਦੀ ਜਾਨ ਬਚਾਉਣ ਦੀ ਜ਼ਿਮ੍ਹੇਵਾਰੀ ਲੈਂਦੇ ਹਨ। ਇਸ ਤੋਂ ਬਾਅਦ, ਸਾਨੂੰ ਸੰਜੇ ਦੱਤ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲਦਾ ਹੈ।
ਫਿਲਮ ਦਾ ਟ੍ਰੇਲਰ ਸਭ ਤੋਂ ਪਹਿਲਾਂ 11 ਅਗਸਤ ਨੂੰ ਰਿਲੀਜ਼ ਹੋਣਾ ਸੀ, ਪਰ ਸੰਜੇ ਦੱਤ ਦੀ ਸਿਹਤ ਵਿਗੜਨ ਦੀ ਖ਼ਬਰ ਮਿਲਣ ਤੋਂ ਬਾਅਦ ਇਸਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।
ਟ੍ਰੇਲਰ ਨੂੰ ਲੋਕਾਂ ਵਲੋਂ ਕੋਈ ਖਾਸ ਹੁੰਗਾਰਾ ਨਹੀਂ ਮਿਲ ਰਿਹਾ। ਫਿਲਮ ਦੀ ਕਹਾਣੀ ਨੂੰ ਜ਼ਿਆਦਾ ਚੰਗਾ ਨਹੀਂ ਦੱਸਿਆ ਗਿਆ ਹੈ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ 'ਤੇ ਸਟਾਰਕਿੱਡਜ਼ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਕਈਆਂ ਨੇ ਸੰਜੇ ਦੱਤ ਦੀ ਅਦਾਕਾਰੀ ਦੀ ਪ੍ਰਸ਼ੰਸਾ ਕੀਤੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਸ ਕੇਸ ਵਿੱਚ ਮਹੇਸ਼ ਭੱਟ ਦਾ ਨਾਮ ਵੀ ਸਾਹਮਣੇ ਆਇਆ ਸੀ। ਮਹੇਸ਼ ਦੇ ਨਾਲ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੀਆਂ ਕੁਝ ਤਸਵੀਰਾਂ ਨੇ ਹੰਗਾਮਾ ਮਚਾ ਦਿੱਤਾ। ਇਸ ਤੋਂ ਇਲਾਵਾ ਨੈਪੋਟਿਜ਼ਮ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ।
ਟਵਿੱਟਰ 'ਤੇ ਲੋਕਾਂ ਨੇ ਮਹੇਸ਼ ਭੱਟ ਅਤੇ ਆਲੀਆ ਭੱਟ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਸੀ। ਇਹੀ ਕਾਰਨ ਹੈ ਕਿ 'ਸੜਕ 2' ਦਾ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੀ ਟਰੋਲ ਹੋਇਆ ਸੀ। ਦੱਸ ਦੇਈਏ ਕਿ ਆਲੀਆ ਭੱਟ, ਸੰਜੇ ਦੱਤ ਅਤੇ ਆਦਿਤਿਆ ਰਾਏ ਕਪੂਰ ਦੀ ਫਿਲਮ 'ਸੜਕ 2' 28 ਅਗਸਤ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਜੀਸ਼ੂ ਸੇਨਗੁਪਤਾ, ਮਕਰੰਦ ਦੇਸ਼ਪਾਂਡੇ, ਗੁਲਸ਼ਨ ਗਰੋਵਰ, ਪ੍ਰਿਅੰਕਾ ਬੋਸ, ਮੋਹਨ ਕਪੂਰ ਅਤੇ ਅਕਸ਼ੈ ਆਨੰਦ ਵੀ ਨਜ਼ਰ ਆਉਣਗੇ। ਫਿਲਮ 'ਸੜਕ 2' ਦਾ ਨਿਰਦੇਸ਼ਨ ਮਹੇਸ਼ ਭੱਟ ਨੇ ਕੀਤਾ ਹੈ। ਇਹ ਫਿਲਮ 1991 ਦੀ ਫਿਲਮ ਦਾ ਸੀਕਵਲ ਹੈ ਜਿਸ ਵਿੱਚ ਪੂਜਾ ਭੱਟ ਅਤੇ ਸੰਜੇ ਦੱਤ ਮੁੱਖ ਭੂਮਿਕਾਵਾਂ ਵਿੱਚ ਸਨ। ਮਹੇਸ਼ ਭੱਟ ਨਿਰਦੇਸ਼ਕ ਦੇ ਤੌਰ 'ਤੇ 21 ਸਾਲਾਂ ਬਾਅਦ ਪਰਦੇ' ਤੇ ਵਾਪਸ ਪਰਤੇ ਹਨ। ਉਨ੍ਹਾਂ ਦੀ ਆਖ਼ਰੀ ਨਿਰਦੇਸ਼ਤ ਫਿਲਮ 'ਕਾਰਤੂਸ' ਸੀ ਜੋ 1999 ਵਿਚ ਰਿਲੀਜ਼ ਹੋਈ ਸੀ।