ਹੈਦਰਾਬਾਦ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਅਦਾਕਾਰਾ ਰਿਆ ਚੱਕਰਵਰਤੀ ਜੋ ਕਿ ਮੁੱਖ ਮੁਲਜ਼ਮ ਵੱਜੋਂ ਜਾਂਚ ਦਾ ਸਾਹਮਣਾ ਕਰ ਰਹੀ ਹੈ, ਨੇ ਸੁਸ਼ਾਂਤ ਦੀ ਭੈਣ ਪ੍ਰਿਅੰਕਾ ਸਿੰਘ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦੇ ਵਕੀਲ ਨੇ ਕਿਹਾ ਕਿ ਪ੍ਰਿਅੰਕਾ ਸਿੰਘ, ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾ. ਤਰੁਣ ਕੁਮਾਰ ਅਤੇ ਹੋਰਨਾਂ ਵਿਰੁੱਧ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸਨੇ ਉਨ੍ਹਾਂ ਵਿਰੁੱਧ ਜਾਅਲਸਾਜ਼ੀ, ਐਨਡੀਪੀਐਸ ਐਕਟ ਤੇ ਟੈਲੀ ਮੈਡੀਸਨ ਪ੍ਰੈਕਟਿਸ ਗਾਈਡਲਾਈਨਜ, 2020 ਦੀ ਉਲੰਘਣਾ ਕਰਨ ਤਹਿਤ ਸ਼ਿਕਾਇਤ ਕੀਤੀ ਹੈ।

ਰਿਆ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਦੱਸਿਆ ਕਿ ਰਿਆ ਚੱਕਰਵਰਤੀ ਨੇ ਇਨ੍ਹਾਂ ਦੋਸ਼ਾਂ ਤਹਿਤ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਉਸ ਨੇ ਕਿਹਾ ਕਿ ਉਨ੍ਹਾਂ ਦੇ ਖ਼ਿਲਾਫ਼ ਇਹ ਦੋਸ਼ ਲਾਇਆ ਗਿਆ ਹੈ ਕਿ 8 ਜੂਨ, 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਬਾਹਰੀ ਮਰੀਜ਼ਾਂ ਦੇ ਵਿਭਾਗ ਦਾ ਮਰੀਜ਼ ਦੱਸਦਿਆਂ ਉਸ ਨੂੰ ਐਨਡੀਪੀਐਸ ਐਕਟ ਵਿੱਚ ਆਈਟਮ 36 ਤੇ 37 ਵਜੋਂ ਸੂਚੀਬੱਧ ਕੀਤੀ ਗਈਆਂ ਦਵਾਈਆਂ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਹ ਦਵਾਈਆਂ ਸੂਚੀ ਵਿੱਚ ਮਨੋਵਿਗਿਆਨਿਕ ਪਦਾਰਥ ਦੇ ਅਧੀਨ ਰੱਖੀਆਂ ਜਾਂਦੀਆਂ ਹਨ ਤੇ ਟੈਲੀ ਮੈਡੀਸਨ ਪ੍ਰੈਕਟਿਸ ਗਾਈਡਲਾਈਨਜ਼ ਦੀ ਸੀਮਤ ਸੂਚੀ ਦੇ ਅੰਦਰ ਆਉਂਦੀਆਂ ਹਨ। ਇਸ ਸੂਚੀ ਦੇ ਤਹਿਤ ਐਨਡੀਪੀਐਸ ਐਕਟ ਦੇ ਤਹਿਤ ਕਿਸੇ ਵੀ ਮਨੋਵਿਗਿਅਨਿਕ ਪਦਾਰਥ ਤੇ ਨਸ਼ੀਲੇ ਪਦਾਰਥਾਂ ਦੇ ਨੁਸਖੇ ਉੱਤੇ ਪਾਬੰਦੀ ਲਗਾਈ ਗਈ ਹੈ। ਅਜਿਹਾ ਕਰਨਾ ਮੈਡੀਕਲ ਪ੍ਰੈਕਟਿਸ ਦਿਸ਼ਾ ਨਿਰਦੇਸ਼ਾਂ 3.7.1.4. ਦੀ ਉਲੰਘਣਾ ਹੈ।

ਦੱਸ ਦੇਈਏ ਕਿ ਰਿਆ ਚੱਕਰਵਰਤੀ ਇਸ ਮਾਮਲੇ ਵਿੱਚ ਸੀਬੀਆਈ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਨਾਲ ਨਾਲ ਨੈਸ਼ਨਲ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ। ਉਸ 'ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵੱਲੋਂ ਪੈਸੇ ਦੀ ਠੱਗੀ, ਮਾਨਸਿਕ ਤਸੀਹੇ ਅਤੇ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਲਗਾਏ ਗਏ ਸਨ। ਸੀਬੀਆਈ ਅਤੇ ਈਡੀ ਮਾਮਲੇ ਦੀ ਜਾਂਚ ਕਰ ਰਹੇ ਸਨ।

ਈਡੀ ਦੀ ਜਾਂਚ ਦੌਰਾਨ ਕੁਝ ਵਟਸਐਪ ਚੈਟਾਂ ਦੇ ਸਾਹਮਣੇ ਆਉਣ ਦੀ ਖ਼ਬਰਾਂ ਆਈਆਂ, ਜਿਸ ਤੋਂ ਬਾਅਦ ਨਸ਼ਿਆਂ ਦੀ ਵਰਤੋਂ ਦਾ ਐਂਗਲ ਵੀ ਇਸ ਕੇਸ ਵਿੱਚ ਜੋੜਿਆ ਗਿਆ, ਜਿਸ ਤੋਂ ਬਾਅਦ ਐਨਸੀਬੀ ਨੇ ਈਡੀ ਦੀ ਸਿਫ਼ਾਰਸ਼ ’ਤੇ ਕੇਸ ਦਰਜ ਕੀਤਾ। ਐਨਸੀਬੀ ਨੇ ਹੁਣ ਤੱਕ ਇਸ ਕੇਸ ਵਿੱਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਰਿਆ ਦਾ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਸਿੰਘ ਦੇ ਮੈਨੇਜਰ ਸੈਮੂਅਲ ਮਿਰਾਂਦਾ ਸ਼ਾਮਲ ਹਨ।
