ਚੰਡੀਗੜ੍ਹ: ਪੰਜਾਬੀ ਅਖਾੜਿਆਂ ਦੀ ਸ਼ਾਨ ਗਾਇਕਾ ਜਸਵਿੰਦਰ ਬਰਾੜ ਦਾ ਅੱਜ ਜਨਮਦਿਨ ਹੈ। ਜਸਵਿੰਦਰ ਕੌਰ ਬਰਾੜ ਦਾ ਜਨਮ 8 ਸਤੰਬਰ 1973 ਨੂੰ ਮਾਤਾ ਨਰਿੰਦਰ ਕੌਰ ਦੀ ਕੁਖੋਂ ਪਿਤਾ ਬਲਦੇਵ ਸਿੰਘ ਦੇ ਘਰ ਸਿਰਸਾ ਹਰਿਆਣਾ 'ਚ ਹੋਇਆ ਸੀ। ਪੰਜਾਬੀ ਗਾਇਕੀ 'ਚ ਜਸਵਿੰਦਰ ਬਰਾੜ ਆਪਣੀ ਦਮਦਾਰ ਅਵਾਜ਼ ਕਰਕੇ ਪਹਿਚਾਣੀ ਜਾਂਦੀ ਹੈ। ਜਸਵਿੰਦਰ ਬਰਾੜ ਵਲੋਂ ਕਈ ਹਿੱਟ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ ਹਨ।
ਜਸਵਿੰਦਰ ਕੌਰ ਦਾ ਵਿਆਹ ਰਣਜੀਤ ਸਿੰਘ ਸਿੱਧੂ ਨਾਲ ਸਾਲ 2000 'ਚ ਹੋਇਆ ਸੀ। ਵਿਆਹ ਤੋਂ ਦੋ ਸਾਲ ਜਸਵਿੰਦਰ ਬਰਾੜ ਨੇ ਗਾਇਕੀ ਸਫ਼ਰ ਤੋਂ ਦੂਰੀ ਵੀ ਬਣਾ ਕੇ ਰੱਖੀ। ਇਸ ਦੌਰਾਨ ਉਨ੍ਹਾਂ ਦੀ ਕੁੱਖੋਂ ਬੱਚੇ ਨੇ ਜਨਮ ਲਿਆ, ਜਿਸ ਦਾ ਨਾਮ ਜਸ਼ਨਪ੍ਰੀਤ ਸਿੱਧੂ ਹੈ।
ਜਸਵਿੰਦਰ ਬਰਾੜ ਨੂੰ ਲੋਕ ਤੱਥਾਂ ਦੀ ਰਾਣੀ ਕਿਹਾ ਜਾਂਦਾ ਹੈ। ਉਨ੍ਹਾਂ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 1990 'ਚ ਐਲਬਮ 'ਕੀਮਤੀ ਚੀਜ' ਨਾਲ ਕੀਤੀ ਸੀ। ਉਸ ਤੋਂ ਬਾਅਦ ਇੱਕ ਤੋਂ ਇੱਕ ਹਿੱਟ ਐਲਬਮਾਂ ਕਰਦੇ ਗਏ। ਜਸਵਿੰਦਰ ਕੌਰ ਬਰਾੜ ਦੀ ਅਵਾਜ਼ 'ਚ ਗਾਇਆ ਗੀਤ ਰਿਜ਼ਾ ਕਾਫ਼ੀ ਮਕਬੂਲ ਵੀ ਹੋਇਆ ਸੀ।
ਆਪਣੀ ਦਮਦਾਰ ਗਾਇਕੀ ਕਾਰਨ ਜਸਵਿੰਦਰ ਬਰਾੜ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਸਵਿੰਦਰ ਬਰਾੜ ਨੂੰ 'ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਐਵਾਰਡ 2010' ਵੀ ਮਿਲ ਚੁੱਕਿਆ ਹੈ। ਇਸ ਐਵਾਰਡ ਨੂੰ ਪ੍ਰਾਪਤ ਕਰਨ ਵਾਲੇ ਉਹ 12ਵੇਂ ਕਲਾਕਾਰ ਸੀ। ਇਸ ਦੇ ਨਾਲ ਹੀ ਉਹ ਸੰਗੀਤ ਸਮਾਰਟ ਐਵਾਰਡ ਪ੍ਰੋ. ਮੋਹਨ ਸਿੰਘ ਮੇਲੇ ਤੋਂ ਪ੍ਰਾਪਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤਾਂ ਨੂੰ ਵੀ ਕਈ ਐਵਾਰਡ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ:ਜਨਮ ਦਿਨ ਮੁਬਾਰਕ ਸਰਗੁਣ ਮਹਿਤਾ
ਇੱਕ ਸਮਾਂ ਅਜਿਹਾ ਵੀ ਆਇਆ ਸੀ, ਜਦੋਂ ਉਹ ਗਾਇਕੀ ਤੋਂ ਕੁਝ ਦੂਰ ਹੋ ਗਏ ਸੀ, ਕਿਉਂਕਿ ਕਿਸੇ ਪ੍ਰੋਗਰਾਮ ਤੋਂ ਪਰਤਦੇ ਸਮੇਂ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਸੀ, ਜਿਸ 'ਚ ਉਨ੍ਹਾਂ ਦੀ ਟੀਮ ਦੇ ਕਈ ਮੈਂਬਰਾਂ ਦੀ ਮੌਤ ਹੋ ਗਈ ਸੀ। ਜਿਨ੍ਹਾਂ 'ਚ ਕੁਝ ਨੇ ਉਨ੍ਹਾਂ ਦੇ ਹੱਥਾਂ 'ਚ ਦਮ ਤੋੜਿਆ ਸੀ। ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਰਹਿਣ ਲੱਗੇ ਅਤੇ ਗਾਇਕੀ ਤੋਂ ਦੂਰ ਹੋ ਗਏ ਸੀ।
ਲੰਬੇ ਸਮੇਂ ਤੋਂ ਬਾਅਦ ਉਨ੍ਹਾਂ ਮੁੜ ਪੰਜਾਬੀ ਗਾਇਕੀ 'ਚ ਵਾਪਸੀ ਕੀਤੀ। ਜਿਸ ਕਾਰਨ ਉਨ੍ਹਾਂ ਦੇ ਗੀਤ ਪਹਿਲਾਂ ਵਾਂਗ ਹੀ ਦਰਸ਼ਕਾਂ ਵਲੋਂ ਪਸੰਦ ਕੀਤੇ ਗਏ। ਇਸ ਦੇ ਨਾਲ ਹੀ ਗੱਲ ਕਰੀਏ ਜੇ ਅੱਜ ਦੇ ਗਾਇਕਾਂ ਦੀ ਤਾਂ ਉਨ੍ਹਾਂ ਵਲੋਂ ਅਕਸਰ ਆਪਣੇ ਗੀਤਾਂ 'ਚ ਵੀ ਜਸਵਿੰਦਰ ਬਰਾੜ ਦੀ ਗਾਇਕੀ ਦਾ ਜਿਕਰ ਕੀਤਾ ਜਾਂਦਾ ਰਿਹਾ ਹੈ। ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਵਲੋਂ ਵੀ ਆਪਣੇ ਗੀਤ 'ਚ ਜਸਵਿੰਦਰ ਬਰਾੜ ਦਾ ਜਿਕਰ ਕੀਤਾ ਸੀ।