ਬਠਿੰਡਾ: ਗੀਤ 'ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ 'ਤੇ ਕੱਲ੍ਹ ਨੂੰ ਹੋਰ' ਇਹ ਹਰ ਘਰ ਦੀ ਕਹਾਣੀ ਹੈ। ਇੱਕ ਵੇਲਾ ਸੀ ਜਦੋਂ ਗਾਇਕ ਅਵਤਾਰ ਚਮਕ ਦੀ ਗਾਇਕੀ ਦੀ ਚਮਕ ਹਾਰੇ ਪਾਸੇ ਸੀ। ਦੇਸ਼-ਵਿਦੇਸ਼ਾਂ ਵਿੱਚ ਉਨ੍ਹਾਂ ਦੇ ਗੀਤ ਖ਼ੂਬ ਮਕਬੂਲ ਹੋਏ ਸਨ ਪਰ ਅੱਜ ਹਾਲਾਤ ਪਹਿਲਾਂ ਵਰਗੇ ਨਹੀਂ ਹਨ।
ਦਰਅਸਲ ਅਵਤਾਰ ਚਮਕ ਗੁਰਬਤ ਭਰਿਆ ਜੀਵਨ ਜਿਊਣ ਲਈ ਮਜਬੂਰ ਹੋ ਚੁੱਕੇ ਹਨ। ਪੈਰ 'ਤੇ ਫਰੈਕਚਰ ਹੋਣ ਦੇ ਬਾਵਜੂਦ ਵੀ ਅਵਤਾਰ ਚਮਕ ਇੱਕ ਪ੍ਰਾਈਵੇਟ ਨੌਕਰੀ ਕਰ ਰਹੇ ਹਨ। ਰੋਜ਼ੀ ਰੋਟੀ ਇਨਸਾਨ ਤੋਂ ਕੀ ਕੁਝ ਨਹੀਂ ਕਰਵਾਉਂਦੀ ਇਹ ਅਵਤਾਰ ਨੂੰ ਵੇਖ ਕੇ ਪਤਾ ਲੱਗ ਰਿਹਾ ਹੈ।
ਕਿਸਮਤ ਨੇ ਬੇਸ਼ਕ ਅਵਤਾਰ ਚਮਕ ਤੋਂ ਸ਼ੌਹਰਤ ਖੋ ਲਈ ਹੈ ਪਰ ਗਾਇਕੀ ਅੱਜ ਵੀ ਉਨ੍ਹਾਂ ਦੇ ਅੰਦਰ ਵਸਦੀ ਹੈ। ਅਵਤਾਰ ਚਮਕ ਨੇ ਦੱਸਿਆ ਕਿ ਉਹ ਸੰਗੀਤ ਪ੍ਰੇਮੀਆਂ ਨੂੰ ਸੰਗੀਤ ਸਿਖਾ ਰਹੇ ਹਨ ਪਰ ਉਸ ਦੇ ਬਦਲੇ ਉਹ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਲੈਂਦੇ।ਉਨ੍ਹਾਂ ਦੇ ਪੈਰ ਦੇ ਇਲਾਜ ਲਈ ਕਈ ਐਨਆਰਆਈ ਉਨ੍ਹਾਂ ਦੀ ਆਰਥਿਕ ਮਦਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਮਨੋਰੰਜਨ ਜਗਤ 'ਚ ਕਈ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਮਾਂ-ਬੋਲੀ ਦੀ ਸੇਵਾ ਕੀਤੀ ਪਰ ਅੱਜ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲਿਆ ਰਿਹਾ। ਲੋੜ ਹੈ ਤਾਂ ਸਰਕਾਰ ਅਤੇ ਪ੍ਰਸਾਸ਼ਨ ਨੂੰ ਇਸ ਤਰ੍ਹਾਂ ਦੀ ਨੀਤੀ ਬਣਾਉਣ ਦੀ ਜੋ ਇਨ੍ਹਾਂ ਗਾਇਕਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਸਕੇ।