ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਕ ਘਟਨਾਵਾਂ 'ਤੇ ਆਧਾਰਤ ਫਿਲਮ 'ਸ਼ੂਟਰ' 'ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਹ ਫ਼ੈਸਲਾ ਬੀਤੇ ਸ਼ੁੱਕਰਵਾਰ ਹੋਈ ਬੈਠਕ ਵਿੱਚ ਲਿਆ ਗਿਆ।
ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਫ਼ਿਲਮ ਦੇ ਨਿਰਮਾਤਾਵਾਂ 'ਚੋਂ ਇੱਕ ਕੇ.ਵੀ. ਢਿੱਲੋਂ ਵਿਰੁੱਧ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਕੇ.ਵੀ. ਢਿੱਲੋਂ ਨੇ ਬੀਤੇ ਸਾਲ ਲਿਖਤੀ ਭਰੋਸਾ ਦਿੱਤਾ ਸੀ ਕਿ ਇਹ ਫ਼ਿਲਮ ਰੋਕ ਦਿੱਤੀ ਜਾਵੇਗੀ। ਡੀਜੀਪੀ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਮਾਮਲੇ ਵਿੱਚ ਫ਼ਿਲਮ ਦੇ ਪ੍ਰੋਮੋਟਰਾਂ, ਨਿਰਦੇਸ਼ਕ ਅਤੇ ਅਦਾਕਾਰਾਂ ਦੀ ਭੂਮੀਕਾ ਦੀ ਵੀ ਜਾਂਚ ਕਰਨ।
ਜ਼ਿਕਰਯੋਗ ਹੈ ਕਿ 10 ਦਿਨ ਪਹਿਲਾਂ ਮਾਨਸਾ ਪੁਲਿਸ ਨੇ ਅਪਰਾਧ ਤੇ ਹਿੰਸਾ ਨੂੰ ਪ੍ਰੋਮੋਟ ਕਰਨ ਵਾਲੇ ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਨ ਨੂੰ ਲੈ ਕੇ ਗਾਇਕ ਸ਼ੁਭਦੀਪ ਸਿੰਘ ਸਿੱਧ (ਸਿੱਧੂ ਮੂਸੇ ਵਾਲਾ) ਤੇ ਮਨਕੀਰਤ ਔਲਖ ਵਿਰੁੱਧ ਵੀ ਮਾਮਲਾ ਦਰਜ ਕੀਤਾ ਸੀ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਪਰਾਧ, ਹਿੰਸਾ ਅਤੇ ਗੈਂਗਸਟਰਵਾਦ ਨੂੰ ਹੁਲਾਰਾ ਦੇਣ ਵਾਲੇ ਗਾਣਿਆਂ ਅਤੇ ਫ਼ਿਲਮਾਂ ਨੂੰ ਰੋਕਣ ਲਈ ਵਚਨਬੱਧ ਹੈ।