ਚੰਡੀਗੜ੍ਹ : ਪੰਜਾਬੀ ਸਿਨੇਮਾ ਵਿੱਚ 3 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੇ ਪ੍ਰੋਡਿਊਸਰ ਸੰਨੀ ਢਿੱਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਫ਼ਿਲਮ ਦੀ ਕਮਾਈ ਦਾ 5 ਫੀਸਦੀ ਹਿੱਸਾ ਕਿਸਾਨ ਅੰਦੋਲਨ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਇਕ ਐਲਾਨ ’ਚ ਦੋਵਾਂ ਪ੍ਰੋਡਿਊਸਰਾਂ ਨੇ ਕਿਹਾ, ‘ਅਸੀਂ ਅੱਜ ਜੋ ਵੀ ਹਾਂ ਆਪਣੇ ਕਿਸਾਨਾਂ ਕਰਕੇ ਹੀ ਹਾਂ। ਉਨ੍ਹਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ।’
ਸੰਨੀ ਤੇ ਡਿੰਪੀ ਢਿੱਲੋਂ ਨੇ ਬਿਆਨ ’ਚ ਅੱਗੇ ਲਿਖਿਆ, ‘ਅਸੀਂ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ.ਆਰ. ਪ੍ਰੋਡਕਸ਼ਨਜ਼ ਵਲੋਂ ਇਹ ਫ਼ੈਸਲਾ ਲਿਆ ਹੈ ਕਿ ਅਸੀਂ ਫ਼ਿਲਮ ‘ਉੱਚਾ ਪਿੰਡ’ ਦੀ ਕਮਾਈ ਦਾ 5 ਫੀਸਦੀ ਹਿੱਸਾ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਦਾਨ ਕਰਾਂਗੇ, ਜਿਨ੍ਹਾਂ ਨੇ ਆਪਣੀ ਜ਼ਮੀਨ ਤੇ ਕਿਸਾਨੀ ਭਾਈਚਾਰੇ ਲਈ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।’
ਦੱਸ ਦੇਈਏ ਕਿ ‘ਉੱਚਾ ਪਿੰਡ’ ਇਕ ਰੋਮਾਂਟਿਕ ਐਕਸ਼ਨ ਥ੍ਰਿਲਰ ਫ਼ਿਲਮ ਹੈ, ਜਿਸ ’ਚ ਨਵਦੀਪ ਕਲੇਰ ਤੇ ਪੂਨਮ ਸੂਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਹਰਜੀਤ ਰਿੱਕੀ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ’ਚ ਸਰਦਾਰ ਸੋਹੀ, ਮੁਕੁਲ ਦੇਵ, ਰਾਹੁਲ ਜੁੰਗਰਾਲ, ਹੋਬੀ ਧਾਲੀਵਾਲ ਤੇ ਹੋਰ ਬਹੁਤ ਸਾਰੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ:2 ਸਾਲ, ਛਿੱਛੋਰੇ ਫਿਲਮ ਦੇ ਨਾਲ
ਉਥੇ ਕਿਸਾਨੀ ਅੰਦੋਲਨ ਨੂੰ ਅੱਜ 9 ਮਹੀਨੇ ਪੂਰੇ ਹੋ ਗਏ ਹਨ। ਫ਼ਿਲਮ ‘ਉੱਚਾ ਪਿੰਡ’ ਦੇ ਪ੍ਰੋਡਿਊਸਰਾਂ ਵਲੋਂ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਇਕ ਨੇਕ ਉਪਰਾਲਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਫ਼ਿਲਮ ਇੰਡਸਟਰੀ ਦੇ ਬਾਕੀ ਪ੍ਰੋਡਿਊਸਰਾਂ ਤੇ ਕਲਾਕਾਰਾਂ ਨੂੰ ਵੀ ਇੰਝ ਅੱਗੇ ਆਉਣ ਦਾ ਬਲ ਮਿਲੇਗਾ।