ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੀ ਜ਼ਬਰਦਸਤ ਐਕਟਿੰਗ, ਫ਼ਿਲਮਾਂ ਅਤੇ ਆਪਣੇ ਬੇਬਾਕ ਵਿਚਾਰਾਂ ਦੇ ਲਈ ਜਾਣੀ ਜਾਂਦੀ ਹੈ। 'ਪਿੰਕ' ਅਤੇ 'ਸਾਂਡ ਕੀ ਆਖ਼' ਵਰਗੀਆਂ ਫ਼ਿਲਮਾਂ 'ਚ ਐਕਟਿੰਗ ਦੇ ਨਾਲ ਤਾਪਸੀ ਨੇ ਬਾਲੀਵੁੱਡ ਵਿੱਚ ਵੱਖਰੀ ਥਾਂ ਬਣਾਈ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਕਿ ਜਦੋਂ ਇੱਕ ਆਦਮੀ ਨੇ ਉਸ ਨੂੰ ਛੂਹਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵੱਖਰੇ ਅੰਦਾਜ਼ 'ਚ ਉਸ ਨੂੰ ਸਬਕ ਸਿਖਾਇਆ। ਇਹ ਕਿੱਸਾ ਤਾਪਸੀ ਨੇ ਕਰੀਨਾ ਕਪੂਰ ਦੇ ਰੇਡੀਓ ਸ਼ੋਅ 'what women wants' ਵਿੱਚ ਦੱਸਿਆ ਹੈ।
ਤਾਪਸੀ ਪੰਨੂ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਬਾਹਰ ਉਹ ਭੀੜ ਦੇ ਵਿੱਚ ਸੀ ਅਤੇ ਕਿਸੇ ਨੇ ਉਸ ਨੂੰ ਪਿੱਛੋਂ ਛੂਹਨ ਦੀ ਕੋਸ਼ਿਸ਼ ਕੀਤੀ, ਤਾਪਸੀ ਨੇ ਉਸ ਬੰਦੇ ਦੀ ਉਂਗਲ ਮਰੋੜ ਦਿੱਤੀ ਸੀ ਅਤੇ ਪਿੱਛੇ ਹੱਟ ਗਈ ਸੀ।
ਜ਼ਿਕਰਯੋਗ ਹੈ ਕਿ ਤਾਪਸੀ ਪੰਨੂ ਅਕਸਰ ਆਪਣੇ ਕਿਰਦਾਰਾਂ ਦੇ ਨਾਲ ਦਰਸ਼ਕਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ। ਛੇਤੀ ਹੀ ਤਾਪਸੀ ਮਹਿਲਾ ਕ੍ਰਿਕੇਟਰ ਮਿਥਾਲੀ ਰਾਜ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਹਾਲ ਹੀ ਵਿੱਚ ਉਨ੍ਹਾਂ ਦੀ ਫ਼ਿਲਮ ਸ਼ਾਬਾਸ਼ ਮਿੱਠੂ ਦਾ ਫ਼ਰਸਟ ਲੁੱਕ ਰਿਲੀਜ਼ ਹੋਇਆ ਹੈ।