ਮੁੰਬਈ: ਤੇਜ਼ਾਬੀ ਹਮਲਾ ਪੀੜਤਾਂ ਨੂੰ ਧਿਆਨ ਵਿੱਚ ਰੱਖ ਕੇ ਬਣੀ ਫ਼ਿਲਮ 'ਛਪਾਕ' ਦੇ ਟ੍ਰੇਲਰ ਨੇ ਰੀਲੀਜ਼ ਹੋਣ ਦੇ ਨਾਲ ਹੀ ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਸਾਰੇ ਜਾਣਦੇ ਹਨ ਕਿ ਇਹ ਫ਼ਿਲਮ 10 ਜਨਵਰੀ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਵੇਗੀ ਪਰ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੀਪੀਕਾ ਦੀ ਫ਼ਿਲਮ ਤੋਂ ਇੱਕ ਹਫ਼ਤਾ ਪਹਿਲਾਂ ਤੇਜ਼ਾਬੀ ਹਮਲੇ ਦੇ ਮੁੱਦੇ 'ਤੇ ਬਣੀ ਇੱਕ ਹੋਰ ਫ਼ਿਲਮ 'ਐਸਿਡ' ਵੀ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਫ਼ਿਲਮ ਐਸਿਡ ਦੇ ਨਾਲ ਨਿਰਦੇਸ਼ਨ 'ਚ ਕਦਮ ਰੱਖ ਰਹੀ ਪ੍ਰਿਯੰਕਾ ਸਿੰਘ ਕਹਿੰਦੀ ਹੈ, "ਜਦੋਂ ਅਸੀਂ ਫ਼ਿਲਮ ਦੀ ਸ਼ੂਟਿੰਗ ਖ਼ਤਮ ਕੀਤੀ ਸਾਨੂੰ ਉਸ ਵੇਲੇ ਪਤਾ ਲੱਗਿਆ ਕਿ ਦੀਪੀਕਾ ਵੀ ਇਸ ਫ਼ਿਲਮ ਦੇ ਮੁੱਦੇ 'ਤੇ ਕੰਮ ਕਰਨ ਜਾ ਰਹੀ ਹੈ। ਹਾਲਾਂਕਿ ਮੈਨੂੰ ਪਤਾ ਹੈ ਕਿ ਸਾਡੀ ਕਹਾਣੀ ਵੱਖ ਹੈ।"
ਜਿਸ ਤਰ੍ਹਾਂ ਨਾਲ 'ਛਪਾਕ' ਤੇਜ਼ਾਬੀ ਹਮਲਾ ਪੀੜਤਾ ਲਕਸ਼ਮੀ ਅਗਰਵਾਲ ਦੀ ਕਹਾਣੀ ਹੈ ਉਸੇ ਤਰ੍ਹਾਂ ਫ਼ਿਲਮ ਐਸਿਡ ਉਤਰਪ੍ਰਦੇਸ਼ ਦੀ ਇੱਕ ਸੱਚੀ ਘੱਟਨਾ 'ਤੇ ਆਧਾਰਿਤ ਹੈ ਜਿਸ ਵਿੱਚ ਇੱਕ ਚਾਚਾ ਆਪਣੀ ਭਤੀਜੀ 'ਤੇ ਐਸਿਡ ਸੁੱਟਦਾ ਹੈ। ਪੀੜਤਾ ਦਾ ਨਾਂਅ ਉਜਾਗਰ ਨਾ ਕਰਦੇ ਹੋਏ ਨਿਰਦੇਸ਼ਕ ਨੇ ਕਿਹਾ ਕਿ ਕਹਾਣੀ ਦਾ ਵਿਚਾਰ ਸਮਾਜ ਦੇ ਹਾਲਾਤਾਂ ਨੂੰ ਵੇਖ ਕੇ ਆਇਆ। ਫ਼ਿਲਮ ਦੇ ਸਹ-ਨਿਰਮਾਤਾ ਮਾਨ ਸਿੰਘ ਛਪਾਕ ਦੇ ਨਾਲ ਉਨ੍ਹਾਂ ਦੇ ਟਕਰਾਵ ਨੂੰ ਲੈਕੇ ਬਿਲਕੁਲ ਬੇਫ਼ਿਕਰ ਹਨ। ਉਨ੍ਹਾਂ ਨੇ ਕਿਹਾ ਜਦੋਂ 2017 ਵਿੱਚ ਫ਼ਿਲਮ ਰੀਲੀਜ਼ ਹੋਈ ਸੀ ਉਸ ਵੇਲੇ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਫ਼ਿਲਮ ਛਪਾਕ ਵੀ ਬਣ ਰਹੀ ਹੈ।