ਮੁੰਬਈ: ਰਾਸ਼ਟਰੀ ਪੁਰਸਕਾਰ ਵਿਜੇਤਾ ਊਮੰਗ ਕੁਮਾਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਪੀਐਮ ਨਰਿੰਦਰ ਮੋਦੀ' ਹੁਣ 12 ਅਪ੍ਰੈਲ ਨਹੀਂ ਬਲਕਿ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।ਇਕ ਬਿਆਨ ਦੇ ਮੁਤਾਬਿਕ, ਫ਼ਿਲਮ ਤੇਲਗੂ ਅਤੇ ਤਾਮਿਲ 'ਚ ਵੀ ਰਿਲੀਜ਼ ਕੀਤੀ ਜਾਵੇਗੀ।
ਨਿਰਮਾਤਾ ਸੰਦੀਪ ਨੇ ਕਿਹਾ ,'ਇਸ ਫ਼ਿਲਮ ਦੀ ਮੰਗ ਨੂੰ ਦੇਖਦੇ ਹੋਏ ਇਹ ਇਕ ਹਫ਼ਤਾ ਪਹਿਲਾਂ ਰਿਲੀਜ਼ ਕੀਤੀ ਜਾਵੇਗੀ।ਲੋਕਾਂ ਦੇ ਵਿੱਚ ਇਸ ਫ਼ਿਲਮ ਨੂੰ ਲੈਕੇ ਬਹੁਤ ਪਿਆਰ ਅਤੇ ਆਸ ਹੈ, ਅਸੀਂ ਨਹੀਂ ਚਾਹੁੰਦੇ ਉਹ ਇੰਤਜ਼ਾਰ ਕਰਨ ਇਸ ਲਈ ਅਸੀਂ ਇਸ ਨੂੰ ਜਲਦੀ ਰਿਲੀਜ਼ ਕਰ ਰਹੇ ਹਾਂ।'
ਦੱਸਣਯੋਗ ਹੈ ਕਿ ਇਸ ਬਾਇਓਪਿਕ 'ਚ ਪੀ.ਐਮ. ਨਰਿੰਦਰ ਮੋਦੀ ਦੇ ਸ਼ੁਰੂਆਤ ਤੋਂ ਲੈਕੇ ਪੀ.ਐਮ. ਬਣਨ ਤੱਕ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ। ਫ਼ਿਲਮਮੇਕਰਸ ਨੇ ਇਸ ਫ਼ਿਲਮ ਦਾ ਪੋਸਟਰ ਜਨਵਰੀ 'ਚ 23 ਭਾਸ਼ਾਵਾਂ 'ਚ ਜਾਰੀ ਕੀਤਾ ਸੀ।
ਸੰਦੀਪ ਸਿੰਘ ਫ਼ਿਲਮ ਦੇ ਨਿਰਮਾਤਾ ਅਤੇ ਕ੍ਰੀਏਟਿਵ ਡਾਇਰੈਕਟਰ ਹਨ ਅਤੇ ਉਨ੍ਹਾਂ ਨੇ ਹੀ ਇਸ ਦੀ ਕਹਾਣੀ ਲਿਖੀ ਹੈ।ਇਸ ਦੇ ਨਾਲ ਹੀ ਸੁਰੇਸ਼ ਓਬਰਾਏ ਅਤੇ ਆਨੰਦ ਪੰਡਿਤ ਵੀ ਇਸ ਫ਼ਿਲਮ ਦੇ ਨਿਰਮਾਤਾ ਹਨ।
ਜ਼ਿਕਰਯੋਗ ਹੈ ਕਿ 'ਪੀ.ਐਮ. ਨਰਿੰਦਰ ਮੋਦੀ' 'ਚ ਵਿਵੇਕ ਓਬਰਾਏ ਨਰਿੰਦਰ ਮੋਦੀ ਦੀ ਭੂਮਿਕਾ 'ਚ ਨਜ਼ਰ ਆਉਣਗੇ।ਇਸ ਦੇ ਨਾਲ ਹੀ ਫ਼ਿਲਮ ਦੇ ਵਿੱਚ ਦਰਸ਼ਨ ਕੁਮਾਰ,ਬੋਮਨ ਇਰਾਨੀ ,ਮਨੋਜ ਜੋਸ਼ੀ , ਜ਼ਰੀਨਾ ਵਹਾਬ ਅਤੇ ਰਾਜਿੰਦਰ ਗੁਪਤਾ ਸ਼ਾਮਿਲ ਹਨ।