ਮੁੰਬਈ: ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਜਨਮ 13 ਅਗਸਤ ਨੂੰ ਹੋਇਆ ਸੀ। ਸ਼੍ਰੀਦੇਵੀ lਤਾਮਿਲਨਾਡੂ ਦੇ ਸਿਵਾਕਾਸੀ 'ਚ ਸਾਲ 1963 'ਚ ਪੈਦਾ ਹੋਈ ਸੀ। ਸ਼੍ਰੀਦੇਵੀ ਨੇ ਤਾਮਿਲ, ਮਲਿਆਲਮ, ਤੇਲਗੂ, ਕੰਨੜ ਅਤੇ ਹਿੰਦੀ ਸਿਨੇਮਾ ਵਿੱਚ ਕੰਮ ਕੀਤਾ ਅਤੇ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਦਾ ਖਿਤਾਬ ਵੀ ਪ੍ਰਾਪਤ ਕੀਤਾ।
ਸ਼੍ਰੀਦੇਵੀ ਨੂੰ ਪੰਜ ਫ਼ਿਲਮਫੇਅਰ ਅਵਾਰਡ ਵੀ ਮਿਲੇ। 2013 ਵਿੱਚ, ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਸੀ। 24 ਫਰਵਰੀ 2018 ਦੀ ਰਾਤ ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੇ ਆਖਰੀ ਸਾਹ ਲਏ।
ਸ਼੍ਰੀਦੇਵੀ 54 ਸਾਲਾਂ ਦੀ ਸੀ ਜਦ ਉਨ੍ਹਾਂ ਨੇ ਦੁਬਈ ਵਿੱਚ ਆਪਣੇ ਆਖ਼ਰੀ ਸਾਹ ਲਏ। ਬਾਲੀਵੁੱਡ ਅਦਾਕਾਰਾ ਨੇ ਸਾਰਿਆਂ ਨੂੰ ਉਸ ਸਮੇਂ ਅਲਵਿਦਾ ਕਿਹਾ, ਜਦ ਉਨ੍ਹਾਂ ਦੀ ਬੇਟੀ ਜਾਨ੍ਹਵੀ ਕਪੂਰ ਦੀ ਪਹਿਲੀ ਫ਼ਿਲਮ ਆ ਰਹੀ ਸੀ। ਜਾਨ੍ਹਵੀ ਕਪੂਰ ਨੇ ਕਰਨ ਜੌਹਰ ਦੀ ਫ਼ਿਲਮ 'ਧੜਕ' ਨਾਲ ਆਪਣਾ ਡੈਬਿਊ ਕੀਤਾ ਸੀ।
ਜਾਨ੍ਹਵੀ ਨੂੰ ਉਨ੍ਹਾਂ ਦੀ ਮੌਤ ਦੇ ਸਦਮੇ ਵਿੱਚੋਂ ਬਾਹਰ ਨਿਕਲਣ ਵਿੱਚ ਕਾਫ਼ੀ ਸਮਾਂ ਲੱਗਿਆ। ਪਿਛਲੇ ਸਾਲ ਸ਼੍ਰੀਦੇਵੀ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਪਰਿਵਾਰ ਨੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ। ਇਸ ਵਾਰ ਉਨ੍ਹਾਂ ਦੀ ਬੇਟੀ ਜਾਨ੍ਹਵੀ ਨੇ ਮਾਂ ਲਈ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖੀ ਹੈ।
ਹੋਰ ਪੜ੍ਹੋ: B'day special: ਅੱਜ ਵੀ ਲੋਕਾਂ ਦੇ ਦਿਲਾਂ 'ਚ ਜ਼ਿੰਦਾ ਹਵਾ ਹਵਾਈ ਦੀਆਂ ਯਾਦਾਂ
ਜਾਨ੍ਹਵੀ ਨੇ ਸੋਸ਼ਲ ਮੀਡੀਆ 'ਤੇ ਸ਼੍ਰੀਦੇਵੀ ਦੀ ਫ਼ੋਟੋ ਸਾਂਝੀ ਕੀਤੀ ਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜਾਨ੍ਹਵੀ ਨੇ ਲਿਖਿਆ ਹੈ- ਜਨਮਦਿਨ ਮੁਬਾਰਕ ਮਮਾ, ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਇਸ ਤੋਂ ਇਲਾਵਾ ਬਾਲੀਵੁੱਡ ਦੇ ਕਈ ਅਦਾਕਾਰਾ ਨੇ ਸ਼੍ਰੀਦੇਵੀ ਦੇ ਜਨਮਦਿਨ 'ਤੇ ਟਵੀਟ ਕਰ ਵਧਾਈ ਦਿੱਤੀ। ਦੱਸ ਦੇਈਏ ਕਿ ਸ਼੍ਰੀਦੇਵੀ ਨੇ 1975 ਵਿੱਚ ਆਈ ਫ਼ਿਲਮ 'ਜੂਲੀ' ਤੋਂ ਇੱਕ ਬਾਲ ਅਦਾਕਾਰ ਵਜੋਂ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ ਸੀ।