ਮੁੰਬਈ : ਅਦਾਕਾਰ ਹਿਮਾਂਸ਼ ਕੋਹਲੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਤੇ ਉਨ੍ਹਾਂ ਦੀ ਭੈਣ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਗਏ ਹਨ। ਮਹਿਜ਼ ਉਹ ਹੀ ਇਸ ਮਹਾਂਮਾਰੀ ਦੀ ਚਪੇਟ 'ਚ ਆਉਣ ਤੋਂ ਬੱਚ ਗਏ ਹਨ।
ਹਿਮਾਂਸ਼ ਨੇ ਕਿਹਾ, " ਘਰ 'ਚ ਮੈਂ ਇਕਲੌਤਾ ਸਿਹਤਮੰਦ ਇਨਸਾਨ ਹਾਂ ਅਤੇ ਮੇਰੇ 'ਤੇ ਹੁਣ ਦੋ ਜ਼ਿੰਮੇਵਾਰੀਆਂ ਹਨ, ਇੱਕ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਤੇ ਦੂਜਾ ਕੋਵਿਡ ਸੰਕਰਮਿਤਾਂ ਦੇ ਕਲੱਬ 'ਚ ਖ਼ੁਦ ਨੂੰ ਸ਼ਾਮਲ ਨਾ ਕਰਨਾ। ਬੇਸ਼ਕ ਇਹ ਮੈਨੇਜ ਕਰਨਾ ਸੌਖਾ ਨਹੀਂ ਹੈ, ਪਰ ਇਸ ਸਮੇਂ ਮੇਰੇ ਪਰਿਵਾਰ ਨੂੰ ਮੇਰੀ ਸਭ ਤੋਂ ਵੱਧ ਲੋੜ ਹੈ ਅਤੇ ਖੁਸ਼ਕਿਸਮਤੀ ਨਾਲ ਮੁੰਬਈ ਰਹਿਣ ਤੇ ਘਬਰਾਉਣ ਦੀ ਥਾਂ ਮੈਂ ਇਥੇ ਹਾਂ। "
ਅਦਾਕਾਰ ਨੇ ਕਿਹਾ, " ਮੈਂ ਇੱਕ ਵੱਖਰੇ ਕਮਰੇ 'ਚ ਰਹਿ ਰਿਹਾ ਹਾਂ। ਅਸੀਂ ਆਪਣੇ ਘਰ ਕੰਮ ਕਰਨ ਵਾਲਿਆਂ ਨੂੰ ਵੀ ਇੱਕ ਵਖਰਾ ਕਮਰਾ ਤੇ ਵਾਸ਼ਰੂਮ ਦੇ ਦਿੱਤਾ ਹੈ। ਪਰਿਵਾਰ ਦੇ ਕਿਸੇ ਵੀ ਸੰਕਰਮਿਤ ਮੈਂਬਰ ਨੂੰ ਕਮਰੇ ਤੋਂ ਬਾਹਰ ਆਉਣ ਦੀ ਜਾਂ ਕਿਸੇ ਹੋਰ ਦੇ ਵਾਸ਼ਰੂਮ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਦਰਵਾਜ਼ੇ ਤੱਕ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਅਸੀਂ ਹਰ ਦੋ ਘੰਟੇ 'ਚ ਘਰ ਸੈਨੇਟਾਈਜ਼ ਕਰ ਰਹੇ ਹਾਂ। "
ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਆਰਾਧਿਆ ਬੱਚਨ ਕੋਰੋਨਾ ਦੀ ਚਪੇਟ 'ਚ ਆ ਗਏ ਸਨ। ਹਾਲਾਂਕਿ, ਸਾਰਿਆਂ ਨੇ ਜਲਦੀ ਹੀ ਕੋਰੋਨਾ ਨੂੰ ਹਰਾ ਦਿੱਤਾ ਤੇ ਸਿਹਤਯਾਬ ਹੋ ਕੇ ਘਰ ਪਰਤੇ। ਬੱਚਨ ਪਰਿਵਾਰ ਤੋਂ ਪਹਿਲਾਂ ਵੀ, ਬਹੁਤ ਸਾਰੇ ਸਿਤਾਰਿਆਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਇਸ ਲਿਸਟ 'ਚ ਜ਼ੋਇਆ ਮੋਰਾਨੀ ਤੋਂ ਪਾਰਥ ਤੱਕ ਦਾ ਨਾਂਅ ਸ਼ਾਮਲ ਹੈ।
ਗੌਰਤਲਬ ਹੈ ਕਿ ਹਿਮਾਂਸ਼ ਕੋਹਲੀ ਸਿੰਗਰ ਨੇਹਾ ਕਕੜ ਦੇ ਨਾਲ ਅਫੇਅਰ ਤੇ ਬ੍ਰੇਕਅਪ ਨੂੰ ਲੈ ਕੇ ਚਰਚਾ 'ਚ ਰਹਿ ਚੁੱਕੇ ਹਨ। ਹਿਮਾਂਸ਼ ਤੋਂ ਵੱਖ ਹੋਣ ਮਗਰੋਂ ਨੇਹਾ ਨੂੰ ਕਈ ਮੌਕਿਆਂ 'ਤੇ ਦੁੱਖੀ ਹੋ ਕੇ ਹੁੰਝੂ ਵਹਾਉਂਦੇ ਹੋਏ ਦੇਖਿਆ ਗਿਆ ਹੈ। ਹਾਲਾਂਕਿ ਦੋਵਾਂ ਦੇ ਵੱਖ ਹੋਣ ਦੇ ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ।
ਹਿਮਾਂਸ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਫਿਲਮ ਯਾਰੀਆਂ 'ਚ ਵੇਖਿਆ ਗਿਆ ਸੀ। ਦਿਵਿਆ ਖੋਸਲਾ ਕੁਮਾਰ ਦੇ ਨਿਰਦੇਸ਼ਨ ਹੇਠ ਇਸ ਫਿਲਮ ਵਿੱਚ ਰਕੂਲ ਪ੍ਰੀਤ ਸਿੰਘ ਉਨ੍ਹਾਂ ਦੀ ਹੀਰੋਇਨ ਸੀ। ਹਿਮਾਂਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ ਟੀਵੀ ਸ਼ੋਅ ‘ਹਮ ਸੇ ਹੈ ਲਾਈਫ’ ਨਾਲ ਕੀਤੀ ਸੀ।