ਚੰਡੀਗੜ੍ਹ: ਮਸ਼ਹੂਰ ਭਾਰਤੀ ਰੈਪਰ ਤੇ ਹਿੱਪ ਹੌਪ ਗਾਇਕਾ ਹਾਰਡ ਕੌਰ ਦਾ ਅੱਜ ਜਨਮ ਦਿਨ ਹੈ। ਹਾਰਡ ਕੌਰ ਦਾ ਅਸਲ ਨਾਮ ਤਰਨ ਕੌਰ ਢਿੱਲੋਂ ਹੈ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ 29 ਜੁਲਾਈ 1979 ਹੋਇਆ ਹੈ। ਅੱਜ ਦੇ ਦਿਨ ਹਾਰਡ ਕੌਰ ਦੇ ਚਾਹੁਣ ਵਾਲੇ ਹਾਰਡ ਕੌਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ ਤੇ ਉਨ੍ਹਾਂ ਨੂੰ ਪਿਆਰ ਭਰੇ ਸੁਨੇਹੇ ਭੇਜ ਰਹੇ ਹਨ।
ਜਾਣਾਕਾਰੀ ਅਨੁਸਾਰ ਹਾਰਡ ਕੌਰ ਦੀ ਮਾਂ ਘਰ ਵਿੱਚ ਹੀ ਇੱਕ ਬਿਊਟੀ ਪਾਰਲਰ ਦਾ ਕੰਮ ਕਰਦੇ ਸਨ ਉਸਦੀ ਉਮਰ ਜਦੋਂ ਕਰੀਬ 3 ਕੁ ਸਾਲ ਦੀ ਸੀ ਤਾਂ ਉਸਦੇ ਪਿਤਾ ਨੂੰ 1984 ਦੇ ਦੰਗਿਆਂ ਮੌਕੇ ਜਿਊਂਦਾ ਸਾੜ ਦਿੱਤਾ ਗਿਆ ਸੀ। ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਉਸਦੀ ਮਾਂ ਦਾ ਬਿਊਟੀ ਪਾਰਲਰ ਵੀ ਸਾੜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਆਪਣੀ ਮਾਂ ਅਤੇ ਭਰਾ ਸਮੇਤ ਆਪਣੀ ਨਾਨਾ ਨਾਨੀ ਨਾਲ ਰਹਿਣ ਲੱਗ ਗਏ।
1990 ਵਿੱਚ ਉਸਦੀ ਮਾਂ ਵੱਲੋਂ ਇੱਕ ਐਨਆਰਆਈ ਨਾਲ ਵਿਆਹ ਕਰਵਾ ਲਿਆ ਸੀ। ਇਸ ਤੋਂ ਬਾਅਦ ਸਾਰਾ ਪਰਿਵਾਰ ਇੰਗਲੈਂਡ ਚ ਜਾ ਵਸਿਆ। ਇੱਥੇ ਹੀ ਹਾਰਡ ਕੌਰ ਨੇ ਆਪਣੀ ਸਕੂਲੀ ਪੜ੍ਹਾਈ ਕੀਤੀ ਅਤੇ ਹਿੱਪ ਹੌਪ ਵਿੱਚ ਦਿਲਚਸਪੀ ਹੋਣ ਕਰਕੇ ਇੱਕ ਰੈਪ ਗਾਇਕਾ ਦੇ ਤੌਰ ਤੇ ਸ਼ੁਰੂਆਤ ਕਰਕੇ ਯੂ.ਕੇ ਦੀ ਪਹਿਲੀ ਏਸ਼ਿਆਈ ਮਹਿਲਾ ਰੈਪਰ ਬਣੀ।
ਹਾਰਡ ਕੌਰ ਪਿਛਲੇ ਸਮਿਆਂ ਦੇ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਨਾਲ ਵੀ ਘਿਰੀ ਰਹੀ ਹੈ। ਹਾਰਡ ਕੌਰ ਤੇ ਭਾਜਪਾ ਆਗੂਆਂ ਖਿਲਾਫ਼ ਟਿੱਪਣੀਆਂ ਕਰਨ ਦੇ ਵੀ ਇਲਜ਼ਾਮ ਲੱਗੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀਆਂ ਜ਼ਖ਼ਮੀ ਹਾਲਤ ਦੇ ਵਿੱਚ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਸਦੇ ਨਾਲ ਹੀ ਹਾਰਡ ਕੌਰ ਦਾ ਨਾਮ ਕਈ ਵਾਰ ਖਾਲਿਸਤਾਨ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ। ਜਿਸ ਕਰਕੇ ਕਈ ਵਾਰ ਇਹ ਮੁੱਦਾ ਗਰਮਾਇਆ ਹੈ।