ਮੁੰਬਈ: ਦਿੱਲੀ ਦੀ ਸ਼ਿਖਾ ਮਲਹੋਤਰਾ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ ਪਰ ਐਕਟਿੰਗ ਦਾ ਸ਼ੌਕ ਹੋਣ ਦੇ ਚਲਦੇ ਪੜ੍ਹਾਈ ਦੇ ਦੌਰਾਨ ਉਸ ਨੇ ਸ਼ਾਦੀ ਸ਼ਾਟ ਡਾਟ ਕਾਮ 'ਚ ਅਦਾਕਾਰਾ ਤਾਪਸੀ ਪੰਨੂ ਨਾਲ ਇੱਕ ਅਹਿਮ ਭੂਮਿਕਾ ਵੀ ਨਿਭਾਈ।
ਸੁਪਨਿਆਂ ਦੀ ਉਡਾਣ ਸ਼ਿਖਾ ਨੂੰ ਮਾਇਆ ਨਗਰੀ ਮੁੰਬਈ ਲੈ ਆਈ, ਜਿਥੇ ਉਸ ਨੇ ਸ਼ਾਹਰੁਖ ਖ਼ਾਨ ਨਾਲ ਫਿਲਮ 'ਫੈਨ' ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਸ਼ਿਖਾ ਨੇ ਕਈ ਫਿਲਮਾਂ ਵਿੱਚ ਛੋਟੇ-ਛੋਟੇ ਰੋਲ ਅਦਾ ਕੀਤੇ। ਸ਼ਿਖਾ ਨੇ ਹੁਣ ਤੱਕ ਕਈ ਪੰਜਾਬੀ ਫਿਲਮਾਂ, ਤਾਮਿਲ ਫਿਲਮਾਂ ਤੇ ਕਈ ਗੀਤ ਐਲਬਮਾਂ 'ਚ ਅਦਾਕਾਰੀ ਕੀਤੀ।
ਸ਼ਿਖਾ ਨੇ ਇੱਕ ਸ਼੍ਰੀਲੰਕਾ ਦੀ ਫਿਲਮ ਵਿੱਚ ਵੀ ਆਪਣੀ ਅਦਾਕਾਰੀ ਦਿਖਾਈ ਹੈ। ਸ਼ਿਖਾ ਦੀ ਫਿਲਮ ਕੰਚਲੀ ਜਿਸ ਵਿੱਚ ਉਹ ਸੰਜੇ ਮਿਸ਼ਰਾ ਨਾਲ ਮੁੱਖ ਭੂਮਿਕਾ ਵਿੱਚ ਸੀ। ਹਾਲ ਹੀ 'ਚ ਰਿਲੀਜ਼ ਹੋਈ ਸੀ ਅਤੇ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਸ਼ੁਰੂ ਹੋ ਗਿਆ ਸੀ।
ਜਦ ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆ ਬੰਦ ਹੋਣ ਲੱਗੀ ਤਾਂ ਦਿੱਲੀ ਦੀ ਇਸ ਨਰਸ ਅੰਦਰ ਦੇਸ਼ ਪ੍ਰੇਮ ਭਾਵਨਾ ਜਾਗੀ। ਸ਼ਿਖਾ ਨੇ ਆਪਣੀ ਐਕਟਿੰਗ ਛੱਡ ਮੁੰਬਈ ਦੇ ਬਾਲਾ ਸਾਹਿਬ ਠਾਕਰੇ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਲਗਭਗ ਸਾਢੇ ਤਿੰਨ ਮਹੀਨੇ ਹੋ ਗਏ ਹਨ। ਸ਼ਿਖਾ ਕੋਰੋਨਾ ਵਾਇਰਸ ਪੀੜਤਾਂ ਲਈ ਆਪਣੀ ਸੇਵਾਵਾਂ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਕਟਿੰਗ ਤਾਂ ਮੈਂ ਜ਼ਿੰਦਗੀ ਭਰ ਕਰ ਸਕਦੀ ਹਾਂ, ਪਰ ਇਸ ਔਖੇ ਸਮੇਂ ਚ ਦੇਸ਼ ਨੂੰ ਮੇਰੀ ਲੋੜ ਹੈ।
ਹਾਲਾਂਕਿ ਨਰਸਿੰਗ ਸੇਵਾ ਸ਼ੁਰੂ ਕਰਨ ਦੇ ਸ਼ੁਰੂਆਤੀ ਦਿਨਾਂ ਵਿੱਚ ਲੋਕਾਂ ਨੇ ਸੋਚਿਆ ਕਿ ਇਹ ਹੀਰੋਈਨ ਪਬਲੀਸਿਟੀ ਹਾਸਲ ਕਰਕੇ ਇੱਕ -ਦੋ ਦਿਨਾਂ ਤੱਕ ਚਲੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਸਗੋਂ ਸ਼ਿਖਾ ਦੀ ਸੇਵਾ ਭਾਵਨਾ ਨੂੰ ਵੇਖਦਿਆਂ ਹੁਣ ਉਹ ਮਰੀਜ਼ਾਂ ਤੋਂ ਅਥਾਹ ਪਿਆਰ ਤੇ ਸਤਿਕਾਰ ਪ੍ਰਾਪਤ ਕਰ ਰਹੀ ਹੈ। ਇਸ ਦੇ ਨਾਲ ਹੀ ਸਿਨੇਮਾ ਜਗਤ ਦੇ ਲੋਕ ਵੀ ਸ਼ਿਖਾ ਦੀ ਪ੍ਰਸ਼ੰਸਾ ਕਰ ਰਹੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਵੀ ਉਨ੍ਹਾਂ ਦੀ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ ਹੈ।